ਨੌਕਰੀ ਤੋਂ ਕੱਢੇ ਵਰਕਰਾਂ ਦੀ ਬਹਾਲੀ  ਲਈ ਮੁਲਾਜ਼ਮਾਂ ਵੱਲੋਂ ਰੋਸ ਰੈਲੀ

12/20/2017 7:15:29 AM

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)— ਬੀ. ਐੱਸ. ਐੱਨ. ਐੱਲ. ਦੇ ਕੈਜ਼ੂਅਲ ਕੰਟਰੈਕਟ ਵਰਕਰ ਯੂਨੀਅਨ ਏਟਕ ਪੰਜਾਬ ਨੇ ਜੀ. ਐੱਮ. ਟੀ. ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ, ਜਿਸ ਦੀ ਅਗਵਾਈ ਪੰਜਾਬ ਜਨਰਲ ਸਕੱਤਰ ਕਾ. ਭਰਪੂਰ ਸਿੰਘ ਨੇ ਕਰਦਿਆਂ ਕਿਹਾ ਕਿ ਵਰਕਰ ਪਿਛਲੇ 20-22 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹ 'ਤੇ ਕੰਮ ਕਰਦੇ ਆ ਰਹੇ ਸਨ ਪਰ ਹੁਣ ਜਦੋਂ ਕਿਰਤ ਕਾਨੂੰਨ ਅਨੁਸਾਰ ਵਰਕਰਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਸੰਭਾਵਨਾ ਹੋਈ ਤਾਂ ਮਹਿਕਮੇ ਦੇ ਅਫ਼ਸਰ ਨੇ ਸਾਡੇ ਪੁਰਾਣੇ ਵਰਕਰ ਹਟਾ ਕੇ ਆਪਣੇ ਨਿੱਜੀ ਵਰਕਰ ਉਨ੍ਹਾਂ ਦੀ ਜਗ੍ਹਾ ਰੱਖ ਲਏ ਹਨ। ਹਟਾਏ ਹੋਏ ਵਰਕਰਾਂ ਬਾਰੇ ਅਸੀਂ ਜੀ. ਐੱਮ. ਟੀ. ਨੂੰ ਪੱਤਰ ਲਿਖੇ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਟਾਏ ਗਏ ਵਰਕਰ ਮੁੜ ਬਹਾਲ ਨਾ ਕੀਤੇ ਤਾਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਬਲਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਰਕਰਾਂ ਦੀ ਤਨਖਾਹ ਕਦੇ ਵੀ ਸਮੇਂ ਸਿਰ ਨਹੀਂ ਆਈ ਅਤੇ ਅਕਤੂਬਰ ਅਤੇ ਸਤੰਬਰ ਦੀ ਤਨਖਾਹ ਅਜੇ ਤੱਕ ਨਹੀਂ ਦਿੱਤੀ, ਜਿਸ ਬਾਰੇ ਅਸੀਂ ਜੀ. ਐੱਮ. ਟੀ., ਲੇਬਰ ਕਮਿਸ਼ਨਰ ਚੰਡੀਗੜ੍ਹ ਨੂੰ ਕਈ ਵਾਰ ਪੱਤਰ ਲਿਖ ਚੁੱਕੇ ਹਾਂ ਪਰ ਸਾਡੀ ਕਿਸੇ ਵੀ ਮੁਸ਼ਕਲ ਦਾ ਕਿਸੇ ਨੇ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਤਨਖਾਹ ਜਲਦ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਲਛਮਣ ਸਿੰਘ, ਰਣਜੀਤ ਸਿੰਘ, ਹਾਕਮ ਸਿੰਘ, ਜਗਦੇਵ ਸਿੰਘ, ਰਣਜੀਤ ਸਿੰਘ, ਜੀਵਨ ਸਿੰਘ, ਜਗਮੇਲ ਸਿੰਘ, ਬਲਵੀਰ ਸਿੰਘ, ਗੁਰਧਿਆਨ ਸਿੰਘ, ਸੁਖਦੇਵ ਸ਼ਰਮਾ, ਸੁਰਿੰਦਰ ਭੈਣੀ ਆਦਿ ਹਾਜ਼ਰ ਸਨ।  


Related News