ਪੰਜਾਬ ਆਉਣਗੇ ਅਮਿਤ ਸ਼ਾਹ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਿਸ਼ਾਲ ਰੈਲੀ

Wednesday, Jan 28, 2026 - 03:39 PM (IST)

ਪੰਜਾਬ ਆਉਣਗੇ ਅਮਿਤ ਸ਼ਾਹ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਿਸ਼ਾਲ ਰੈਲੀ

ਚੰਡੀਗੜ੍ਹ (ਅੰਕੁਰ): ਅਗਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ 2 ਸਭ ਤੋਂ ਵੱਡੇ ਚਿਹਰੇ ਪੰਜਾਬ ਦੌਰੇ 'ਤੇ ਆ ਰਹੇ ਹਨ। ਮਹੀਨੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਖ਼ੀਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆਉਣਗੇ। ਅਮਿਤ ਸ਼ਾਹ ਮੋਗਾ ਵਿਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਵੀ ਕਰਨਗੇ। ਇਕ ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ । ਇਸ ਸਬੰਧੀ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕ ਫਰਵਰੀ ਨੂੰ ਸੰਸਦ ’ਚ ਬਜਟ ਇਜਲਾਸ ਹੋਵੇਗਾ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਿੱਧੇ ਪੰਜਾਬ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਲਗਭਗ ਚਾਰ ਵਜੇ ਸ਼ਾਮ ਤੱਕ ਡੇਰਾ ਬੱਲਾਂ ਪਹੁੰਚਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੇ ਦੇਸ਼ ਲਈ ਇਕ ਪਵਿੱਤਰ ਦਿਹਾੜਾ ਹੈ ਤੇ ਇਸ ਮੌਕੇ ਪ੍ਰਧਾਨ ਮੰਤਰੀ ਵੱਲੋਂ ਡੇਰਾ ਬੱਲਾਂ ਵਿਖੇ ਨਤਮਸਤਕ ਹੋਣਾ ਸੰਗਤ ਲਈ ਇਕ ਮਹੱਤਵਪੂਰਨ ਪਲ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਸੰਦੇਸ਼ ਸਮਾਜ ਨੂੰ ਸਹੀ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਅਗਲੇ ਸਾਲ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਫਰਵਰੀ ਮਹੀਨੇ ਦੇ ਅਖੀਰਲੇ ਹਫ਼ਤੇ ਪੰਜਾਬ ਦਾ ਦੌਰਾ ਕਰਨਗੇ। ਸ਼ਾਹ ਮੋਗਾ ਵਿਚ ਭਾਜਪਾ ਵੱਲੋਂ ਕਰਵਾਈ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਸੂਤਰਾਂ ਅਨੁਸਾਰ ਅਜੇ ਸ਼ਾਹ ਦੇ ਦੌਰੇ ਦੀ ਤਰੀਕ ਤੈਅ ਨਹੀਂ ਹੋਈ ਹੈ ਪਰ ਇਹ ਤੈਅ ਹੈ ਕਿ ਉਨ੍ਹਾਂ ਦਾ ਦੌਰਾ ਫਰਵਰੀ ਦੇ ਆਖਰੀ ਹਫ਼ਤੇ ਵਿਚ ਹੋਵੇਗਾ। ਪਾਰਟੀ ਵਿਚ ਅੰਦਰੂਨੀ ਪੱਧਰ ’ਤੇ ਕੁਝ ਆਗੂਆਂ ਵੱਲੋਂ ਅਮਿਤ ਸ਼ਾਹ ਦੀ ਰੈਲੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਅਧਿਕਾਰਤ ਤੌਰ ’ਤੇ ਕੋਰ ਗਰੁੱਪ, ਸੂਬਾ ਅਹੁਦੇਦਾਰਾਂ ਅਤੇ ਜ਼ਿਲਾ ਪ੍ਰਧਾਨਾਂ ਆਦਿ ਨਾਲ ਅਜਿਹੀ ਕਿਸੇ ਰੈਲੀ ਬਾਰੇ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ ਹੈ।


author

Anmol Tagra

Content Editor

Related News