ਬਿਜਲੀ ਚੋਰੀ ਫੜਨ ਵਾਲੇ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ
Sunday, Dec 03, 2017 - 07:21 AM (IST)
ਧੂਰੀ(ਸੰਜੀਵ ਜੈਨ, ਸ਼ਰਮਾ)- ਪਿੰਡ ਬੇਨੜਾ ਵਿਖੇ ਬਿਜਲੀ ਚੋਰੀ ਦੇ ਮਾਮਲੇ ਫੜਨ ਤੋਂ ਬਾਅਦ ਪਰਤ ਰਹੀ ਪਾਵਰਕਾਮ ਦੀ ਟੀਮ ਦਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਘਿਰਾਓ ਕੀਤਾ। ਸ਼ਨੀਵਾਰ ਸਵੇਰੇ ਪਾਵਰਕਾਮ (ਦਿਹਾਤੀ) ਦੇ ਐੈੱਸ. ਡੀ. ਓ. ਪ੍ਰਦੀਪ ਗਰਗ ਦੀ ਅਗਵਾਈ ਹੇਠ ਇਕ ਟੀਮ ਬਿਜਲੀ ਚੋਰੀ ਦੇ ਮਾਮਲੇ ਫੜਨ ਲਈ ਪਿੰਡ ਬੇਨੜਾ ਵਿਖੇ ਆਈ ਸੀ, ਜਿਥੇ ਉਨ੍ਹਾਂ ਨੇ ਬਿਜਲੀ ਚੋਰੀ ਦੇ 2 ਮਾਮਲੇ ਫੜੇ। ਇਸ ਦੀ ਜਾਣਕਾਰੀ ਮਿਲਣ 'ਤੇ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਅਧਿਕਾਰੀਆਂ ਦੀ ਟੀਮ ਨੂੰ ਵਾਪਿਸ ਜਾਂਦੇ ਸਮੇਂ ਪਿੰਡ ਦੇ ਅੱਡੇ ਕੋਲ ਘੇਰਾ ਪਾ ਲਿਆ ਅਤੇ ਪਾਵਰਕਾਮ ਦੀ ਕਾਰਵਾਈ ਖਿਲਾਫ ਨਾਅਰੇਬਾਜ਼ੀ ਕੀਤੀ।
ਭਾਕਿਯੂ ਨੇ ਕਾਰਵਾਈ ਨੂੰ ਨਾਜਾਇਜ਼ ਠਹਿਰਾਇਆ
ਇਸ ਸਬੰਧੀ ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਹਰਬੰਸ ਸਿੰਘ ਲੱਡਾ ਅਤੇ ਮਨਜੀਤ ਸਿੰਘ ਜਹਾਂਗੀਰ ਨੇ ਪਾਵਰਕਾਮ ਦੇ ਅਧਿਕਾਰੀਆਂ 'ਤੇ ਚੈਕਿੰਗ ਕਰਨ ਲਈ ਲੋਕਾਂ ਦੇ ਘਰਾਂ 'ਚ ਚੋਰਾਂ ਵਾਂਗ ਦਾਖਲ ਹੋਣ ਦਾ ਦੋਸ਼ ਲਾਉਂਦਿਆਂ ਪਿੰਡ 'ਚ ਦਹਿਸ਼ਤ ਫੈਲਾਉਣ ਦੀ ਗੱਲ ਕਹੀ। ਉਨ੍ਹਾਂ ਬਜਾਏ ਬਿਜਲੀ ਚੋਰੀ ਦੇ ਫੜੇ ਗਏ ਮਾਮਲਿਆਂ ਦੀ ਨਿਖੇਧੀ ਕਰਨ ਦੇ ਇਸ ਦੇ ਉਲਟ ਪਾਵਰਕਾਮ ਦੀ ਕਾਰਵਾਈ ਨੂੰ ਨਾਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਦੇ ਅਧਿਕਾਰੀਆਂ ਕੋਲ ਰਾਤ ਨੂੰ ਕੰਮ ਲਈ ਸੰਪਰਕ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਵੱਲੋਂ ਡਿਊੂਟੀ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਹੋਣ ਦੀ ਗੱਲ ਕਹਿ ਕੇ ਚੁੱਪੀ ਵੱਟ ਲਈ ਜਾਂਦੀ ਹੈ ਪਰ ਅਜਿਹੀ ਕਾਰਵਾਈ ਕਰਨ ਦੇ ਲਈ ਉਹ ਸਵੇਰੇ ਹੀ ਤੁਰ ਪੈਂਦੇ ਹਨ।
ਸਪੈਸ਼ਲ ਐਂਟੀ ਥੈਫਟ ਸਕੁਐਡ ਨੂੰ ਕਾਰਵਾਈ ਲਈ ਸੂਚਿਤ ਕਰ ਦਿੱਤੈ : ਐੈੱਸ. ਡੀ. ਓ.
ਇਸ ਸਬੰਧੀ ਪਾਵਰਕਾਮ ਦੇ ਐੈੱਸ. ਡੀ. ਓ. ਪ੍ਰਦੀਪ ਗਰਗ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਪਿੰਡ ਦੇ ਬਹਾਦੁਰ ਸਿੰਘ ਪੁੱਤਰ ਬੰਤ ਸਿੰਘ ਅਤੇ ਬਹਾਦੁਰ ਸਿੰਘ ਪੁੱਤਰ ਸੁਰਜਨ ਸਿੰਘ ਦੇ ਘਰ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਮਾਮਲੇ ਫੜੇ ਸਨ। ਇਸ ਸਬੰਧੀ ਵਿਭਾਗ ਦੇ ਬਣਾਏ ਗਏ ਸਪੈਸ਼ਲ ਐਂਟੀ ਥੈਫਟ ਸਕੁਐਡ ਨੂੰ ਇਨ੍ਹਾਂ ਦੋਵਾਂ ਖਿਲਾਫ ਕਾਰਵਾਈ ਕਰਨ ਬਾਰੇ ਸੂਚਿਤ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਸ ਕਾਰਵਾਈ ਨੂੰ ਅੰਜਾਮ ਦੇ ਕੇ ਵਾਪਿਸ ਜਾ ਰਹੇ ਸੀ, ਤਾਂ ਇਨ੍ਹਾਂ ਕਿਸਾਨ ਆਗੂਆਂ ਨੇ ਪਿੰਡ ਦੇ ਅੱਡੇ ਕੋਲ ਉਨ੍ਹਾਂ ਦੀ ਕਾਰ ਨੂੰ ਘੇਰਾ ਪਾ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਸੰਪਰਕ ਕਰਨ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ, ਜਿਸ ਨੇ ਲੱਗਭਗ 25-30 ਮਿੰਟਾਂ ਬਾਅਦ ਉਨ੍ਹਾਂ ਨੂੰ ਛੁਡਵਾਇਆ।
ਪਾਵਰਕਾਮ ਵੱਲੋਂ ਲਿਖਤੀ ਸ਼ਿਕਾਇਤ ਮਿਲਣ 'ਤੇ ਲਵਾਂਗੇ ਐਕਸ਼ਨ : ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਪਰਮਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਮੌਕੇ 'ਤੇ ਘਿਰਾਓ ਕਰਨ ਵਾਲਿਆਂ ਨੂੰ ਸਮਝਾ ਬੁਝਾ ਕੇ ਮਾਮਲਾ ਨਿਪਟਾ ਦਿੱਤਾ ਹੈ। ਉਨ੍ਹਾਂ ਨੂੰ ਘਿਰਾਓ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕਰਨ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਉਨ੍ਹਾਂ ਨੂੰ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
