''ਜੇਕਰ ਪ੍ਰਸ਼ਾਸਨ ਨੇ ਇਨਸਾਫ਼ ਨਾ ਕੀਤਾ ਤਾਂ ਵਿੱਢਾਂਗੇ ਸੰਘਰਸ਼''
Wednesday, Oct 04, 2017 - 02:51 AM (IST)
ਮੌੜ ਮੰਡੀ(ਪ੍ਰਵੀਨ)-ਬੀਤੇ ਦਿਨ ਮਾਈਸਰਖਾਨਾ ਮੇਲੇ 'ਤੇ ਬਲਜਿੰਦਰਜੀਤ ਸਿੰਘ, ਜਗਰਾਜ ਸਿੰਘ ਅਤੇ ਮਾਲਵਾ ਪ੍ਰਾਂਤੀਆਂ ਬਾ੍ਰਹਮਣ ਸਭਾ ਦੇ ਅਹੁਦੇਦਾਰਾਂ ਲਾਭ ਰਾਮ, ਭੁਪਿੰਦਰ ਸ਼ਰਮਾ, ਛਿੰਦਾ ਸ਼ਰਮਾ, ਨਰੇਸ਼ ਸ਼ਰਮਾ ਆਦਿ ਵਿਚਕਾਰ ਹੋਏ ਝਗੜੇ ਸਬੰਧੀ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਖਫ਼ਾ 'ਸੰਘਰਸ਼ ਕਮੇਟੀ ਮਾਲਵਾ ਪ੍ਰਾਂਤੀਆਂ ਬ੍ਰਹਮਣ ਸਭਾ' ਦੇ ਮੈਂਬਰ ਅੱਜ ਥਾਣਾ ਮੌੜ ਵਿਖੇ ਪਹੁੰਚੇ ਅਤੇ ਇਸ ਮਾਮਲੇ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਸੰਘਰਸ਼ ਕਮੇਟੀ ਮਾਲਵਾ ਪ੍ਰਾਂਤੀਆਂ ਬ੍ਰਾਹਮਣ ਸਭਾ ਦੀ ਇਕ ਮੀਟਿੰਗ ਭਗਵਾਨ ਸ਼੍ਰੀ ਪਰਸ਼ੂ ਰਾਮ ਜੀ ਦੇ ਮੰਦਰ ਵਿਖੇ ਬਲਜਿੰਦਰਜੀਤ ਸਿੰਘ ਜੋਧਪੁਰ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ 26 ਸਤੰਬਰ ਨੂੰ ਪਿੰਡ ਮਾਈਸਰਖਾਨਾ ਵਿਖੇ ਹੋਏ ਝਗੜੇ ਸਬੰਧੀ ਗੱਲਬਾਤ ਕੀਤੀ ਗਈ। ਮੀਟਿੰਗ ਉਪਰੰਤ ਥਾਣਾ ਮੌੜ ਵਿਖੇ ਪੁੱਜੇ ਕਮੇਟੀ ਮੈਂਬਰਾਂ ਜਗਦੀਸ਼ ਰਾਏ ਸ਼ਰਮਾ, ਦੇਵ ਰਾਜ, ਬੂਟਾ ਰਾਮ ਬਠਿੰਡਾ, ਸਤੀਸ਼ ਸ਼ਰਮਾ ਸੰਦੋਹਾ, ਅੰਮ੍ਰਿਤਪਾਲ ਸ਼ਰਮਾ, ਮੋਹਨ ਲਾਲ ਤਲਵੰਡੀ, ਬਲਦੇਵ ਸਿੰਘ ਚੇਅਰਮੈਨ ਐੱਸ. ਸੀ. ਵਿਭਾਗ ਬਠਿੰਡਾ, ਜਤਿੰਦਰ ਸਿੰਘ ਤਲਵੰਡੀ, ਕੁਲਵੰਤ ਰਾਏ ਮਾਨਸਾ, ਕੇਵਲ ਕ੍ਰਿਸ਼ਨ ਮਾਨਸਾ ਆਦਿ ਨੇ ਦੱਸਿਆ ਕਿ ਬਲਜਿੰਦਰਜੀਤ ਸਿੰਘ ਆਪਣੇ ਪਰਿਵਾਰ ਅਤੇ ਜਗਰਾਜ ਸਿੰਘ ਲਾਲੇਆਣਾ ਸਮੇਤ ਇਕੱਠੇ ਮੰਦਰ ਵਿਖੇ ਮੱਥਾ ਟੇਕਣ ਗਏ ਸਨ, ਜਿਨ੍ਹਾਂ ਨੂੰ ਲਾਭ ਰਾਮ, ਭੁਪਿੰਦਰ ਸ਼ਰਮਾ, ਛਿੰਦਾ ਸ਼ਰਮਾ, ਨਰੇਸ਼ ਸ਼ਰਮਾ ਅਤੇ ਦੋ-ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਮੱਥਾ ਟੇਕਣ ਉਪਰੰਤ ਘੇਰ ਲਿਆ ਗਿਆ ਅਤੇ ਉਨ੍ਹਾਂ ਨਾਲ ਹੱਥੋਪਾਈ ਕਰਦੇ ਹੋਏ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਜਗਰਾਜ ਸਿੰਘ ਵਿਰੁੱਧ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਸ ਨਾਲ ਬਹੁਤ ਹੀ ਭੈੜਾ ਵਰਤਾਅ ਕੀਤਾ ਗਿਆ ਅਤੇ ਇਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਸਬੰਧੀ ਥਾਣਾ ਮੌੜ ਵਿਖੇ 26 ਸਤੰਬਰ ਨੂੰ ਹੀ ਦਰਖਾਸਤ ਦੇ ਦਿੱਤੀ ਗਈ ਸੀ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਥਾਣਾ ਮੌੜ ਦੀ ਪੁਲਸ ਪੀੜਤਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਪ੍ਰਬੰਧਕ ਕਮੇਟੀ ਮੰਦਰ ਦਾ ਪ੍ਰਬੰਧ ਚਲਾ ਰਹੀ ਹੈ ਉਹ ਮਾਲਵਾ ਪ੍ਰਾਂਤੀਆਂ ਬ੍ਰਾਹਮਣ ਸਭਾ ਦੇ ਸੰਵਿਧਾਨ ਅਨੁਸਾਰ ਨਹੀਂ ਚੁਣੀ ਗਈ, ਇਸ ਲਈ ਇਹ ਚੋਣ ਮਾਲਵਾ ਪ੍ਰਾਂਤੀਆਂ ਬ੍ਰਾਹਮਣ ਸਭਾ ਦੇ ਸੰਵਿਧਾਨ ਅਨੁਸਾਰ ਹੋਣੀ ਚਾਹੀਦੀ ਹੈ ।
ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਦਰ ਵਿਖੇ ਮੱਥਾ ਟੇਕਣ ਗਏ ਬਲਜਿੰਦਰਜੀਤ ਸਿੰਘ, ਜੁਗਰਾਜ ਸਿੰਘ ਨਾਲ ਹੱਥੋਪਾਈ ਕਰਨ ਵਾਲੇ ਵਿਅਕਤੀਆਂ ਖਿਲਾਫ਼ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੰਵਿਧਾਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਣੀ ਹੋਈ ਪ੍ਰਬੰਧਕ ਕਮੇਟੀ ਨੂੰ ਖਾਰਜ ਕਰ ਕੇ ਮੰਦਰ ਦਾ ਪ੍ਰਬੰਧ ਸਹੀ ਢੰਗ ਨਾਲ ਚਲਾਉਣ ਲਈ ਪੱਕੇ ਤੌਰ 'ਤੇ ਪ੍ਰਬੰਧਕ ਲਾਇਆ ਜਾਵੇ ਤਾਂ ਜੋ ਮੰਦਰ ਦੀ ਆਮਦਨ ਦੀ ਸਹੀ ਵਰਤੋਂ ਹੋ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਉਪਰੋਕਤ ਮੰਗਾਂ ਸਬੰਧੀ ਕੋਈ ਉਚਿਤ ਕਾਰਵਾਈ ਨਹੀਂ ਕਰਦਾ ਤਾਂ ਸੰਘਰਸ਼ ਕਮੇਟੀ ਆਪਣਾ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਕੀ ਕਹਿਣੈ ਸੰਘਰਸ਼ ਕਮੇਟੀ ਕਨਵੀਨਰ ਬਲਜਿੰਦਰਜੀਤ ਸਿੰਘ ਦਾ
ਇਸ ਸਬੰਧੀ ਬਲਜਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨਾਲ ਝਗੜਾ ਕਰਨ ਵਾਲੇ ਵਿਅਕਤੀਆਂ ਦੀ ਰੰਜਿਸ਼ ਇਹ ਹੈ ਕਿ ਮੰਦਰ ਦਾ ਪ੍ਰਬੰਧ ਜੋ ਕਮੇਟੀ ਚਲਾ ਰਹੀ ਹੈ, ਉਹ ਸਹੀ ਢੰਗ ਨਾਲ ਅਤੇ ਬ੍ਰਾਹਮਣ ਸਭਾ ਦੇ ਸੰਵਿਧਾਨ ਅਨੁਸਾਰ ਨਹੀਂ ਚੁਣੀ ਗਈ। ਇਸ ਧੱਕੇਸ਼ਾਹੀ ਵਿਰੁੱਧ ਲੜਾਈ ਲੜ ਰਹੀ ਸੰਘਰਸ਼ ਕਮੇਟੀ ਦੇ ਉਹ ਕਨਵੀਨਰ ਹਨ ਅਤੇ ਕਮੇਟੀ ਦਾ ਕਨਵੀਨਰ ਹੋਣ ਦੇ ਨਾਂ 'ਤੇ ਉਸ ਨੇ ਮੇਲੇ ਸਮੇਂ ਦਰਖਾਸਤ ਦੇ ਕੇ ਮੰਦਰ ਦੀ ਆਮਦਨ 'ਤੇ ਪ੍ਰਬੰਧਕ ਲਵਾ ਦਿੱਤਾ ਸੀ, ਜਿਸ ਕਾਰਨ ਇਹ ਉਸ ਨਾਲ ਰੰਜਿਸ਼ ਰੱਖਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ਼ ਦੇਵੇ।
ਕੀ ਕਹਿਣੈ ਪ੍ਰਧਾਨ ਲਾਭ ਰਾਮ ਦਾ
ਇਸ ਸਬੰਧੀ ਮਾਲਵਾ ਪ੍ਰਾਂਤੀਆਂ ਬ੍ਰਾਹਮਣ ਸਭਾ ਦੇ ਮੌਜੂਦਾ ਪ੍ਰਧਾਨ ਲਾਭ ਰਾਮ ਨੇ ਕਿਹਾ ਕਿ ਉਨ੍ਹਾਂ 'ਤੇ ਲੜਾਈ-ਝਗੜੇ ਦੇ ਲਾਏ ਜਾ ਰਹੇ ਦੋਸ਼ ਝੂਠੇ ਹਨ। ਉਹ ਮੰਦਰ ਦੇ ਪੈਸੇ ਦੀ ਸਹੀ ਵਰਤੋਂ ਕਰ ਰਹੇ ਹਨ ਅਤੇ ਜੇਕਰ ਇਹ ਚੋਣ ਵੋਟਾਂ ਰਾਹੀਂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਉਸ ਲਈ ਵੀ ਤਿਆਰ ਹਨ। ਇਸ ਸਬੰਧੀ ਜਦ ਥਾਣਾ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
