ਅਧਿਆਪਕ ਦੀ ਬਦਲੀ ਦੇ ਵਿਰੋਧ ''ਚ ਧਰਨਾ

09/19/2017 3:41:52 AM

ਸੁਲਤਾਨਪੁਰ ਲੋਧੀ(ਧੀਰ)-ਰਮਸਾ ਅਧੀਨ ਸਰਕਾਰੀ ਮਿਡਲ ਸਕੂਲ ਤੋਤੀ 'ਚ ਪੜ੍ਹਾਉਂਦੇ ਐੱਸ. ਐੱਸ. ਏ. ਦੇ ਅਧਿਆਪਕ ਪ੍ਰਮੋਦ ਕੁਮਾਰ ਦੀ ਹੋਈ ਵਿਭਾਗੀ ਬਦਲੀ ਦੇ ਵਿਰੋਧ 'ਚ ਅੱਜ ਪਿੰਡ ਤੋਤੀ ਦੇ ਪਤਵੰਤੇ, ਮੋਹਤਬਰਾਂ, ਬੱਚਿਆਂ ਦੇ ਮਾਪਿਆਂ ਤੇ ਮਿਡਲ ਸਕੂਲ ਦੇ ਬੱਚਿਆਂ ਵਲੋਂ ਸ਼੍ਰੋਮਣੀ ਰੰਗਰੇਟਾ ਦਲ ਦੇ ਸਹਿਯੋਗ ਨਾਲ ਰੋਸ ਧਰਨਾ ਦਿੱਤਾ ਗਿਆ ਤੇ ਅਧਿਅਪਾਕ ਦੀ ਬਦਲੀ ਰੱਦ ਕਰਕੇ ਉਸੇ ਅਧਿਆਪਕ ਨੂੰ ਮੁੜ ਵਾਪਸ ਲਿਆਉਣ ਦੀ ਮੰਗ ਕੀਤੀ ਗਈ। ਧਰਨਾਕਾਰੀਆਂ ਨੂੰ ਸ਼ਾਂਤ ਕਰਾਉਣ ਲਈ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਤੇ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਲੋੜੀਂਦੇ ਉਪਰਾਲੇ ਕੀਤੇ। ਟੀਚਰ ਦੀ ਬਦਲੀ ਦੇ ਵਿਰੋਧ 'ਚ ਲਗਾਏ ਰੋਸ ਧਰਨੇ ਨੂੰ ਸਮਾਪਤ ਕਰਾਉਣ ਲਈ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਈ. ਓ. ਕਪੂਰਥਲਾ ਮੈਡਮ ਸਤਪਾਲ ਕੌਰ, ਡਿਪਟੀ ਡੀ. ਈ. ਓ. ਬਿਕਰਮਜੀਤ ਸਿੰਘ ਥਿੰਦ, ਡੀ. ਈ. ਓ. ਕਪੂਰਥਲਾ ਗੁਰਚਰਨ ਸਿੰਘ, ਡਿਪਟੀ ਡੀ. ਈ. ਓ. ਐਲੀ. ਜਰਨੈਲ ਸਿੰਘ ਤੇ ਸੀ. ਪੀ. ਓ. ਸੁਲਤਾਨਪੁਰ ਲੋਧੀ ਮੈਡਮ ਸਰਬਜੀਤ ਕੌਰ ਪੰਛੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਧਰਨੇ ਦੀ ਅਗਵਾਈ ਕਰਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਜਲਦੀ ਹੀ ਜਿਥੇ ਤਬਦੀਲ ਹੋਏ ਅਧਿਆਪਕ ਨੂੰ ਮੁੜ ਵਾਪਸ ਲਿਆਉਣ ਦਾ ਭਰੋਸਾ ਦਿੱਤਾ, ਉਥੇ ਉਨ੍ਹਾਂ ਰਸਮਾਂ ਅਧੀਨ ਸਰਕਾਰੀ ਮਿਡਲ ਸਕੂਲ ਤੋਤੀ 'ਚ 2 ਟੀਚਰ ਹੋਰ ਇਕ ਦੋ ਦਿਨਾਂ 'ਚ ਪੱਕੇ ਤੌਰ 'ਤੇ ਲਗਾਉਣ ਲਈ ਭਰੋਸਾ ਦਿੱਤਾ। ਧਰਨਾਕਾਰੀਆਂ ਵਲੋਂ ਲਗਾਏ ਧਰਨੇ ਕਾਰਨ ਭਾਵੇਂ ਮਾਹੌਲ ਤੇ ਸਥਿਤੀ ਕਾਫੀ ਤਣਾਅਪੂਰਨ ਸੀ, ਜਿਸ ਨੂੰ ਪਹਿਲਾਂ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਸ਼ਾਂਤ ਕਰਵਾਉਣ 'ਚ ਸਫਲ ਰਹੇ। ਅਧਿਕਾਰੀਆਂ ਨੇ ਅੱਜ ਰਮਸਾ ਮਿਡਲ ਸਕੂਲ ਤੋਤੀ ਦੇ ਅਧਿਆਪਕ ਸਟਾਫ ਨੂੰ, ਜੋ ਦੋਵੇਂ ਇਕੋ ਹੀ ਕੰਪਾਊਂਡ 'ਚ ਰਹਿੰਦੇ ਹਨ, ਹਦਾਇਤ ਕੀਤੀ ਕਿ ਉਹ ਸਕੂਲ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਵੱਧ ਤੋਂ ਵੱਧ ਮਿਹਨਤ ਕਰਵਾਉਣ। ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਧਰਨਾਕਾਰੀਆਂ ਤੇ ਨਗਰ ਨਿਵਾਸੀਆਂ ਨੂੰ ਹਦਾਇਤ ਕੀਤੀ ਕਿ ਅਧਿਆਪਕ ਦੀ ਬਦਲੀ ਦੇ ਵਿਰੋਧ 'ਚ ਭਵਿੱਖ 'ਚ ਜੇ ਕਿਸੇ ਸਕੂਲ ਅਧਿਆਪਕ ਜਾਂ ਸਕੂਲ ਦੀ ਇਮਾਰਤ ਨਾਲ ਛੇੜਛਾੜ ਕੀਤੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਦਲੀ ਕਰਵਾਉਣਾ ਜਾਂ ਰੁਕਵਾਉਣਾ ਸਾਡੇ ਅਧਿਕਾਰ 'ਚ ਨਹੀਂ ਆਉਂਦਾ ਤੇ ਜੇ ਕਿਸੇ ਵੀ ਅਧਿਆਪਕ ਨੇ ਇਸ ਦੀ ਆੜ 'ਚ ਕੋਈ ਵੀ ਗਲਤ ਫੈਸਲਾ ਲਿਆ ਤਾਂ ਉਸਦੇ ਵਿਰੁੱਧ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।


Related News