ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਤੇ ਦਲਿਤ ਭਾਈਚਾਰੇ ਨੇ ਕੀਤਾ ਐੱਸ. ਐੱਸ. ਪੀ. ਦਫਤਰ ਦਾ ਘਿਰਾਓ

07/22/2017 1:37:17 AM

ਬਟਾਲਾ(ਬੇਰੀ)-ਪੁਲਸ ਪ੍ਰਸ਼ਾਸਨ ਵੱਲੋਂ ਦਲਿਤਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਲਾਵਾ ਉਸ ਸਮੇਂ ਫੁੱਟ ਕੇ ਬਾਹਰ ਆ ਗਿਆ, ਜਦੋਂ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਆਗੂਆਂ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਸਾਂਝੇ ਤੌਰ 'ਤੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਦੇ ਹੋਏ ਪੁਲਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਕੀ ਹੈ ਮਾਮਲਾ 
ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਗਰੀਬਾਂ ਅਤੇ ਦਲਿਤਾਂ ਨਾਲ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਦੌਰਾਨ ਵੱਡੇ ਪੱਧਰ 'ਤੇ ਧੱਕੇਸ਼ਾਹੀਆਂ ਹੋ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਗਰੀਬਾਂ ਅਤੇ ਦਲਿਤਾਂ ਵਿਰੁੱਧ ਪੁਲਸ ਥਾਣੇ 'ਚ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਗਰੀਬਾਂ ਦੀ ਸੁਣਵਾਈ ਨਹੀਂ ਹੋ ਰਹੀ, ਜਿਸ ਦੌਰਾਨ ਅੱਜ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਨੂੰ ਵਾਰ-ਵਾਰ ਅਲਟੀਮੇਟਮ ਦੇਣ 'ਤੇ ਵੀ ਕੋਈ ਕਾਰਵਾਈ ਨਾ ਹੋਣ ਦੀ ਸੂਰਤ 'ਚ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸ਼ਹਿਰ 'ਚ ਕੱਢਿਆ ਰੋਸ ਮਾਰਚ
ਅੱਜ ਪੂਰੇ ਰੋਸ ਵਿਚ ਆਏ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਨਾਲ ਲੈਂਦੇ ਹੋਏ ਸਥਾਨਕ ਜਲੰਧਰ ਰੋਡ ਹੰਸਲੀ ਪੁਲ ਤੋਂ ਰੋਸ ਮਾਰਚ ਕੱਢਿਆ, ਜੋ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਹੁੰਦਾ ਹੋਇਆ ਐੱਸ. ਐੱਸ. ਪੀ. ਦਫਤਰ ਦੇ ਸਾਹਮਣੇ ਪਹੁੰਚਿਆ, ਜਿਥੇ ਅੱਜ ਘਿਰਾਓ ਕੀਤਾ ਜਾਣਾ ਸੀ।
ਪੁਲਸ ਵੱਲੋਂ ਦਲਿਤਾਂ ਨਾਲ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਵੇਰਵਾ
1. ਥਾਣਾ ਘੁਮਾਣ ਦੀ ਪੁਲਸ ਵੱਲੋਂ ਪਿੰਡ ਕੌੜੇ ਦੇ ਦਲਿਤ ਪਰਿਵਾਰ ਵਿਰੁੱਧ 326 ਦਾ ਨਾਜਾਇਜ਼ ਪਰਚਾ ਰੱਦ ਨਾ ਕੀਤਾ ਜਾਣਾ।
2. ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਦੜੇਵਾਲੀ 'ਚ ਸਰਕਾਰ ਵੱਲੋਂ ਪਿੰਡ ਦੇ ਅਨੁਸੂਚਿਤ ਜਾਤੀ ਦੇ ਬੇਘਰੇ ਵਿਅਕਤੀਆਂ ਨੂੰ ਜੋ 4-4 ਮਰਲੇ ਦੇ ਪਲਾਟ ਦਿੱਤੇ ਗਏ ਸੀ ਅਤੇ ਇਨ੍ਹਾਂ ਪਲਾਟਾਂ 'ਤੇ ਬੇਘਰਿਆਂ ਨੂੰ ਕਬਜ਼ਾ ਵੀ ਦਿੱਤਾ ਗਿਆ ਸੀ ਅਤੇ ਦਲਿਤਾਂ ਨੇ ਆਪਣੇ-ਆਪਣੇ ਪਲਾਟਾਂ ਦੀਆਂ ਚਾਰਦੀਵਾਰੀਆਂ ਵੀ ਕਰ ਲਈਆਂ ਸਨ ਪਰ ਪਿੰਡ ਦੇ ਕੁਝ ਲੋਕਾਂ ਨੇ ਆਪਣੇ ਟਰੈਕਟਰਾਂ ਨਾਲ ਚਾਰਦੀਵਾਰੀਆਂ ਨੂੰ ਤੋੜ ਕੇ ਟਰਾਲੀ ਵਿਚ ਇੱਟਾਂ ਭਰ ਲਈਆਂ ਅਤੇ ਪਲਾਟਾਂ ਨੂੰ ਟਰੈਕਟਰ ਨਾਲ ਵਾਹ ਦਿੱਤਾ, ਜੋ ਸ਼ਰੇਆਮ ਦਲਿਤਾਂ ਨਾਲ ਧੱਕੇਸ਼ਾਹੀ ਹੈ ਅਤੇ ਪੁਲਸ ਨੇ ਵੀ ਸਬੰਧਿਤ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਦੇ ਹੋਏ ਦਲਿਤਾਂ/ਬੇਘਰਿਆਂ ਨਾਲ ਬੇਇਨਸਾਫੀ ਕੀਤੀ ਹੈ।
3. ਇਸੇ ਤਰ੍ਹਾਂ ਪਿੰਡ ਘਸੀਟਪੁਰ ਦੇ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਦੇ ਵਿਰੁੱਧ ਥਾਣਾ ਸਦਰ ਵਿਚ ਬਣਦੀਆਂ ਧਾਰਾਵਾਂ ਹੇਠ ਜੋ ਮੁਕੱਦਮਾ ਨੰ.52 ਦਰਜ ਕੀਤਾ ਗਿਆ ਹੈ, ਉਹ ਸਰਾਸਰ ਬੇਇਨਸਾਫੀ ਹੈ।
4. ਉਧਰ, ਹੀਰਾ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਨਵੀਂ ਆਬਾਦੀ ਉਮਰਪੁਰਾ ਦੇ ਵਿਰੁੱਧ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਨਾਜਾਇਜ਼ ਪਰਚਾ ਦਰਜ ਕਰਨਾ।
5. ਇਸੇ ਤਰ੍ਹਾਂ, ਲੱਖਾ ਸਿੰਘ ਨੂਰਪੁਰੀ ਅਤੇ ਉਸ ਦੀ ਪਤਨੀ ਦੇ ਸੜਕ ਦੁਰਘਟਨਾ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੇ ਮਾਮਲੇ ਦੇ ਸਬੰਧ ਵਿਚ ਵੀ ਸਬੰਧਿਤ ਪੁਲਸ ਵੱਲੋਂ ਗੱਡੀ ਚਾਲਕ ਵਿਰੁੱਧ ਕੋਈ ਕਾਰਵਾਈ ਨਾ ਕਰਨਾ।
ਧਰਨਾਕਾਰੀ ਅੜੇ ਜ਼ਿੱਦ 'ਤੇ
ਅੱਜ ਕੀਤੇ ਗਏ ਐੱਸ. ਐੱਸ. ਪੀ. ਦਫਤਰ ਦੇ ਘਿਰਾਓ ਦੌਰਾਨ ਜਦੋਂ ਐੱਸ. ਪੀ. ਇਨਵੈਸਟੀਗੇਸ਼ਨ ਸੂਬਾ ਸਿੰਘ ਦਲਿਤਾਂ ਦੇ ਨਾਲ ਹੋਈ ਧੱਕੇਸ਼ਾਹੀ ਦੇ ਸਬੰਧ ਵਿਚ ਇਨਸਾਫ ਦਿਵਾਉਣ ਦਾ ਭਰੋਸਾ ਦੇਣ ਲਈ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਕੋਲ ਪਹੁੰਚੇ ਤਾਂ ਮੋਰਚਾ ਦੇ ਆਗੂ ਆਪਣੀ ਜ਼ਿੱਦ 'ਤੇ ਅੜੇ ਰਹੇ ਅਤੇ ਕਹਿਣ ਲੱਗੇ ਕਿ ਐੱਸ. ਐੱਸ. ਪੀ. ਮੌਕੇ 'ਤੇ ਆ ਕੇ ਉਨ੍ਹਾਂ ਨਾਲ ਗੱਲ ਕਰਨਗੇ ਤਾਂ ਉਹ ਧਰਨਾ ਚੁੱਕਣਗੇ ਨਹੀਂ ਤਾਂ ਉਨ੍ਹਾਂ ਦਾ ਧਰਨਾ ਲਗਾਤਾਰ ਚੱਲਦਾ ਰਹੇਗਾ।


Related News