ਬਿਜਲੀ ਸਪਲਾਈ ਠੱਪ ਹੋਣ ''ਤੇ ਲੋਕਾਂ ਕੀਤਾ ਕੌਮੀ ਸ਼ਾਹ ਮਾਰਗ ਜਾਮ
Tuesday, Jul 11, 2017 - 12:23 AM (IST)
ਤਲਵੰਡੀ ਭਾਈ(ਗੁਲਾਟੀ, ਪਾਲ)—ਅੱਜ ਸਵੇਰੇ ਸਥਾਨਕ ਪਾਵਰਕਾਮ ਦੇ ਦਫ਼ਤਰ ਸਾਹਮਣੇ ਬਿਜਲੀ ਸਪਲਾਈ ਠੱਪ ਹੋਣ 'ਤੇ ਲੋਕਾਂ ਨੇ ਕਰੀਬ ਡੇਢ ਘੰਟਾ ਕੌਮੀ ਸ਼ਾਹ ਮਾਰਗ 'ਤੇ ਜਾਮ ਲਾਈ ਰੱਖਿਆ, ਜਿਸ ਕਰਕੇ ਇਸ ਮਾਰਗ 'ਤੇ ਚੱਲਣ ਵਾਲੇ ਮੁਸਾਫਿਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆਂ ਜਿਨ੍ਹਾਂ 'ਚ ਰਾਜ ਕੁਮਾਰ ਗਾਬਾ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਮਹਿੰਦਰ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ, ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਸਾਡੇ ਇਲਾਕੇ ਦਾ ਟਰਾਂਸਫਾਰਮਰ ਸ਼ਨੀਵਾਰ ਦਾ ਸੜਿਆ ਹੋਣ ਕਰਕੇ ਸਾਨੂੰ ਭਾਰੀ ਪ੍ਰੇਸ਼ਾਨੀ ਆ ਰਹੀ ਹੈ। ਗਰਮੀ ਦੇ ਦਿਨ ਹੋਣ ਕਰਕੇ ਲਾਈਟ ਬਿਨਾਂ ਬੱਚਿਆਂ, ਬੁੱਢਿਆਂ ਸਾਰਿਆਂ ਦਾ ਬੁਰਾ ਹਾਲ ਹੈ ਪਰ ਮਹਿਕਮੇ ਦੇ ਅਧਿਕਾਰੀ ਸਾਡੀ ਸਮੱਸਿਆ ਦਾ ਹੱਲ ਨਹੀਂ ਕਰ ਰਹੇ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਇਹ ਕਦਮ ਚੁੱਕਣ ਪੈ ਰਿਹਾ ਹੈ। ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਬੀਤੀ ਰਾਤ ਹੀ ਮਹਿਕਮੇਂ ਵੱਲੋਂ ਟਰਾਂਸਫਾਰਮਰ ਰੱਖਿਆ ਗਿਆ ਸੀ, ਜੋ ਦੁਬਾਰਾ ਨੁਕਸ ਪੈ ਜਾਣ ਕਾਰਨ ਇਹ ਸਮੱਸਿਆ ਆਈ ਹੈ ਅਤੇ ਕੁਝ ਸਮੇਂ ਵਿਚ ਹੀ ਨਵਾਂ ਟਰਾਂਸਫਾਰਮਰ ਰੱਖਿਆ ਜਾ ਰਿਹਾ ਹੈ। ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ। ਧਰਨੇ ਕਾਰਨ ਇਸ ਮਾਰਗ 'ਤੇ ਚੱਲਣ ਵਾਲੇ ਟਰੈਫਿਕ ਨੂੰ ਪੁਲਸ ਨੇ ਦੂਜੇ ਰਸਤਿਆਂ ਰਾਹੀ ਤੋਰਿਆ।
