ਕਾਂਗਰਸ ਸਰਕਾਰ ਵਿਰੁੱਧ ਅਕਾਲੀ-ਭਾਜਪਾ ਗਠਜੋੜ ਨੇ ਲਾਇਆ ਧਰਨਾ
Monday, Jun 12, 2017 - 11:45 PM (IST)
ਫਿਰੋਜ਼ਪੁਰ(ਸ਼ੈਰੀ, ਪਰਮਜੀਤ)-ਅਕਾਲੀ-ਭਾਜਪਾ ਗਠਜੋੜ ਪਾਰਟੀ ਨੇ ਸਾਂਝੇ ਤੌਰ 'ਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਸਾਬਕਾ ਮੈਂਬਰ ਪਾਰਲੀਮੈਂਟ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਕਾਂਗਰਸ ਪਾਰਟੀ ਵਿਰੁੱਧ ਵਿਸ਼ਾਲ ਧਰਨਾ ਦਿੱਤਾ। ਇਸ ਮੌਕੇ ਸੁਖਪਾਲ ਸਿੰਘ ਨੰਨੂੰ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਪੰਜਾਬ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਹਰੀ ਸਿੰਘ ਜ਼ੀਰਾ ਸਾਬਕਾ ਵਿਧਾਇਕ, ਅਵਤਾਰ ਸਿੰਘ ਮਿੰਨਾ ਚੇਅਰਮੈਨ, ਵਰਦੇਵ ਸਿੰਘ ਨੋਨੀਮਾਨ ਹਲਕਾ ਇੰਚਾਰਜ ਗੁਰੁਹਰਸਹਾਏ, ਵਕੈਸ਼ ਮਾਨ, ਅਸ਼ੀਸ਼ਪ੍ਰੀਤ ਸਿੰਘ ਸਾਈਂਆਵਾਲਾ ਨੌਜਵਾਨ ਆਗੂ, ਦਵਿੰਦਰ ਬਜਾਜ ਜ਼ਿਲਾ ਪ੍ਰਧਾਨ ਭਾਜਪਾ, ਅਸ਼ਵਨੀ ਕੁਮਾਰ ਗਰੋਵਰ ਪ੍ਰਧਾਨ, ਮੌਟੂ ਵੋਹਰਾ ਪ੍ਰਧਾਨ ਆਦਿ ਅਕਾਲੀ-ਭਾਜਪਾ ਆਗੂ ਮੌਜੂਦ ਸਨ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ 'ਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਲਾਰਿਆਂ ਤੋਂ ਸ਼ਿਵਾਏ ਕੁਝ ਨਹੀਂ ਦੇ ਸਕਦੀ। ਅੱਜ ਕਰੀਬ ਤਿੰਨ ਮਹੀਨੇ ਹੋ ਗਏ ਹਨ ਸਰਕਾਰ ਨੂੰ ਸੱਤਾ 'ਤੇ ਕਾਬਜ਼ ਹੋਈ ਨੂੰ ਪਰ ਇਸ ਪਾਰਟੀ ਨੇ ਆਪਣੇ ਮੈਨੀਫੈਸਟੋ ਵਿਚ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਮੌਕੇ ਚਲਾਏ ਗਏ ਵਿਕਾਸ ਕਾਰਜਾਂ ਨੂੰ ਵੀ ਬੰਦ ਕਰ ਕੇ ਆਪਣੀ ਨਿਕੰਮੀ ਸੋਚ ਨੂੰ ਸੱਚਾਈ ਵਿਚ ਬਦਲਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਥੋੜ੍ਹੇ ਸਮੇਂ ਦੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ ਕਾਂਗਰਸ ਵਿਧਾਇਕ ਅਤੇ ਮੰਤਰੀ ਆਪਣੀ ਸਰਕਾਰ ਦੀ ਤਾਕਤ ਦਾ ਗਲਤ ਇਸਤੇਮਾਲ ਕਰ ਕੇ ਅਤੇ ਸਾਰੇ ਕਾਨੂੰਨ ਨੂੰ ਸ਼ਿੱਕੇ ਟੰਗ ਕੇ ਝੂਠੇ ਮਾਮਲੇ ਦਰਜ ਕਰਵਾ ਰਹੇ ਹਨ, ਜਿਸ ਨੂੰ ਅਕਾਲੀ-ਭਾਜਪਾ ਗਠਜੋੜ ਕਿਸੇ ਹਾਲਤ 'ਚ ਸਹਿਣ ਨਹੀਂ ਕਰੇਗਾ।
ਬੀਬੀ ਗੁਲਸ਼ਨ ਨੇ ਅੱਗੇ ਕਿਹਾ ਕਿ ਕਾਂਗਰਸ ਦਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਨੇਪਾਲੀ ਬਹਾਦਰ ਦੇ ਨਾਂ ਰੇਤਾਂ ਦੀਆਂ ਖੱਡਾਂ ਲੈ ਕੇ ਭ੍ਰਿਸ਼ਟਾਚਾਰੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦਾ ਰਾਜ ਯਾਦ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ 'ਚ ਹੀ ਰਹਿੰਦੇ ਸਨ। ਇਸ ਮੌਕੇ ਸੁਖਪਾਲ ਸਿੰਘ ਨੰਨੂੰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਨਾ ਮੁਆਫ ਕਰ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਨ ਅਤੇ ਕਿਸਾਨਾਂ ਵਲੋਂ ਕਰਜ਼ੇ ਦੀ ਮਾਰ ਹੇਠ ਹੋਣ ਕਰ ਕੇ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ, ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਨੂੰ ਰੋਕਣਾ, ਦਲਿਤ ਵਰਗਾਂ 'ਤੇ ਅੱਤਿਆਚਾਰਾਂ ਨੂੰ ਰੋਕਣ ਅਤੇ ਰਾਜ ਅੰਦਰ ਲੋਕ ਪੱਖੀ ਕਾਨੂੰਨ ਵਿਵਸਥਾ ਦੇਣ ਵਿਚ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਧਰਨੇ ਦੇ ਅੰਤ 'ਚ ਅਕਾਲੀ-ਭਾਜਪਾ ਆਗੂਆਂ ਨੇ ਜ਼ਿਲਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਰਾਜਪਾਲ ਪੰਜਾਬ ਦੇ ਨਾਂ ਮੈਮੋਰੰਡਮ ਵੀ ਦਿੱਤਾ, ਜਿਸ 'ਚ ਆਪਣੀ ਮੰਗਾਂ ਨੂੰ ਵੀ ਦੱਸਿਆ ਗਿਆ।
