PGI, PU ਤੇ ਪੈੱਕ ਸਣੇ ਹੋਰ ਅਦਾਰੇ ਜਲਦ ਦੇਣ ਪ੍ਰਾਪਾਰਟੀ ਟੈਕਸ ਤੇ ਪਾਣੀ ਦੇ ਬਿੱਲ
Wednesday, Jan 29, 2025 - 11:29 AM (IST)
ਚੰਡੀਗੜ੍ਹ (ਮਨਪ੍ਰੀਤ) : ਵਿੱਤੀ ਸੰਕਟ ਤੇ ਫ਼ੰਡਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਨਗਰ ਨਿਗਮ ਦੀ ਬਜਟ ਆਮਦਨ ਤੇ ਖ਼ਰਚਿਆਂ ਦੀ ਸਮੀਖਿਆ ਕਰਨ ਲਈ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਯੂ. ਟੀ. ਸਕੱਤਰੇਤ ਸੈਕਟਰ-9 ਵਿਖੇ ਮੀਟਿੰਗ ਕੀਤੀ। ਕਮਿਸ਼ਨਰ ਅਮਿਤ ਕੁਮਾਰ ਨੇ ਨਿਗਮ ਦੀ ਮੌਜੂਦਾ ਸਥਿਤੀ ਤੇ ਵਿੱਤੀ ਸੰਕਟ ’ਚੋਂ ਬਾਹਰ ਨਿਕਲਣ ਦੇ ਤਰੀਕੇ ਦੱਸਦਿਆਂ ਵਾਧੂ ਗ੍ਰਾਂਟ-ਇਨ-ਏਡ ਦੀ ਮੰਗ ਕੀਤੀ। ਉਨ੍ਹਾਂ 5 ਸਾਲਾਂ ਦਾ ਬਜਟ ਪੇਸ਼ ਕੀਤਾ, ਨਾਲ ਹੀ ਮਾਲੀਆ ਵਧਾਉਣ ਤੇ ਖ਼ਰਚੇ ਘਟਾਉਣ ਲਈ ਰਣਨੀਤੀਆਂ ਸਾਂਝਾ ਕੀਤੀਆਂ।
ਇਸ ’ਚ ਪਾਣੀ ਦੇ ਬਿੱਲਾਂ ਤੇ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਵਸੂਲੀ, ਖ਼ਾਲੀ ਜ਼ਮੀਨ ਦੀ ਸਰਵੋਤਮ ਵਰਤੋਂ, ਪ੍ਰਾਪਰਟੀ ਟੈਕਸ ਢਾਂਚੇ ’ਚ ਸੁਧਾਰ, ਹਿਊਮਨ ਰਿਸੋਰਸ ਨੂੰ ਤਰਕਸੰਗਤ ਬਣਾਉਣਾ, ਕਮਿਊਨਿਟੀ ਸੈਂਟਰਾਂ ਦੀ ਇਸ਼ਤਿਹਾਰਬਾਜ਼ੀ ਤੇ ਬੁਕਿੰਗ ਤੋਂ ਮਾਲੀਏ ਵਧਾਉੁਣਾ ਸ਼ਾਮਲ ਸੀ। ਕਟਾਰੀਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਿਗਮ ਨੂੰ ਪ੍ਰਾਪਰਟੀ ਟੈਕਸ ਤੇ ਵਾਟਰ ਚਾਰਜਿਜ਼ ਦੇ ਬਕਾਏ ਦੀ ਰਿਕਵਰੀ ’ਚ ਸੁਧਾਰ ਕਰਨਾ ਹੋਵੇਗਾ। ਉਨ੍ਹਾਂ ਸਰਕਾਰੀ ਵਿਭਾਗਾਂ ਤੇ ਹੋਰ ਖ਼ੁਦ ਮੁਖਤਿਆਰ ਸੰਸਥਾਵਾਂ ਜਿਵੇਂ ਪੀ. ਜੀ. ਆਈ., ਪੀ. ਯੂ., ਪੈੱਕ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਨਿਗਮ ਨੂੰ ਪ੍ਰਾਪਰਟੀ ਟੈਕਸ ਤੇ ਵਾਟਰ ਚਾਰਜਿਜ਼ ਦੇ ਬਕਾਏ ਤੁਰੰਤ ਅਦਾ ਕਰਨ। ਨਾਲ ਹੀ ਸੁਝਾਅ ਦਿੱਤਾ ਕਿ ਨਗਰ ਨਿਗਮ ਨੂੰ ਵਿੱਤੀ ਸਥਿਤੀ ’ਚ ਸੁਧਾਰ ਕਰਨ ਲਈ ਖ਼ਾਲੀ ਜ਼ਮੀਨਾਂ ਤੇ ਜਾਇਦਾਦਾਂ ਦੀ ਵੱਧ ਤੋਂ ਵੱਧ ਯੋਗ ਵਰਤੋਂ ਕਰਨੀ ਚਾਹੀਦੀ ਹੈ।
ਮੀਟਿੰਗ ਦੌਰਾਨ ਮੁੱਖ ਸਕੱਤਰ ਰਾਜੀਵ ਵਰਮਾ, ਵਧੀਕ ਮੁੱਖ ਸਕੱਤਰ ਕੇ ਸ਼ਿਵ ਪ੍ਰਸਾਦ, ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਵਿੱਤ ਸਕੱਤਰ ਦੀਪਰਵਾ ਲਾਕਰਾ, ਸਿਹਤ ਸਕੱਤਰ ਅਜੇ ਚਗਤੀ, ਵਿਸ਼ੇਸ਼ ਸਕੱਤਰ ਅਭਿਜੀਤ ਵਿਜੇ ਚੌਧਰੀ, ਸੂਚਨਾ ਤਕਨਾਲੋਜੀ ਸਕੱਤਰ ਹਰੀ ਕਾਲਿਕਕਟ, ਸਮਾਜ ਭਲਾਈ ਸਕੱਤਰ ਅਨੁਰਾਧਾ ਐੱਸ ਚਗਤੀ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।