ਪੰਜਾਬ ਦੀ ਸਿਆਸਤ ''ਚ ਇਕ ਹੋਰ ਖੇਤਰੀ ਪਾਰਟੀ ਦੀ ਐਂਟਰੀ! ਅਦਾਕਾਰ ਤੇ ਸਮਾਜ ਸੇਵੀ ਨੇ ਕੀਤਾ ਵੱਡਾ ਐਲਾਨ
Wednesday, Sep 23, 2026 - 06:56 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿਚ ਇਕ ਹੋਰ ਖੇਤਰੀ ਪਾਰਟੀ ਦੀ ਐਂਟਰੀ ਹੋ ਗਈ ਹੈ। ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਸਮਾਜ ਸੇਵੀ ਅਮਿਤੋਜ ਮਾਨ ਵੱਲੋਂ ਅੱਜ ਆਪਣੀ ਨਵੀਂ ਪਾਰਟੀ 'ਪੰਜਾਬ ਸਾਂਝੀਵਾਲਤਾ ਦਲ' ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ 'ਤੇ ਚੋਣ ਲੜਣ ਦੇ ਮੰਤਵ ਨਾਲ ਬਣਾਈ ਗਈ ਹੈ।
ਅਮਿਤੋਜ ਮਾਨ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਪਾਰਟੀ ਦੇ ਸੱਤਾ ਵਿਚ ਆਉਣ 'ਤੇ 23 ਫ਼ਸਲਾਂ 'ਤੇ ਐੱਮ.ਐੱਸ.ਪੀ. ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਵਿਚ ਸਾਰੀ ਸਿੱਖਿਆ ਮੁਫ਼ਤ ਹੋਵੇਗੀ, ਜਿਸ ਵਿਚ ਪ੍ਰੋਫੈਸ਼ਨਲ ਕੋਰਸਿਜ਼ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮੈਡੀਕਲ ਖੇਤਰ ਵਿਚ ਸੁਧਾਰ ਲਈ ਵੀ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਜ਼ਦੂਰਾਂ ਲਈ ਸੂਬਾ ਸਰਕਾਰ ਦੇ ਪੱਧਰ 'ਤੇ ਇਕ ਚੰਗੀ ਨੀਤੀ ਬਣਾਉਣ ਦਾ ਵੀ ਵਾਅਦਾ ਕੀਤਾ ਗਿਆ। ਅਮਿਤੋਜ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਪੁਲਸ ਦੀ ਧੱਕੇਸ਼ਾਹੀ ਨੂੰ ਨੱਥ ਪਾਉਣ ਲਈ ਵੀ ਕੰਮ ਕੀਤਾ ਜਾਵੇਗਾ।
ਪਾਰਟੀ ਦੇ ਕੰਮਕਾਜ ਅਤੇ ਨੀਤੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ ਵਿਚ ਅਮਿਤੋਜ ਮਾਨ ਤੋਂ ਇਲਾਵਾ ਬਲਵਿੰਦਰ ਸਿੰਘ ਮਾਨ, ਮਹਿੰਦਰਪਾਲ ਲੂੰਬਾ, ਖੁਸ਼ਇੰਦਰ ਸਿੰਘ, ਨਵਕਿਰਨ ਸਿੰਘ, ਪ੍ਰਭਜੋਤ ਕੌਰ ਅਤੇ ਗੌਰਵ ਰਾਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਰਜਿਸਟਰ ਕਰਵਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਅਮਿਤੋਜ ਮਾਨ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਸਮਾਜ ਸੇਵੀ, ਅਦਾਕਾਰ ਤੇ ਹੋਰ ਸੁਹਿਰਦ ਲੋਕ ਪਾਰਟੀ ਵਿਚ ਆਉਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪਹਿਲੇ ਉਮੀਦਵਾਰ ਦਾ ਐਲਾਨ 26 ਤਾਰੀਖ਼ ਨੂੰ ਉਸ ਹਲਕੇ ਵਿਚ ਜਾ ਕੇ ਕੀਤਾ ਜਾਵੇਗਾ।
