ਮਰ ਚੁੱਕੀ ਔਰਤ ਦੇ ਨਾਂ ’ਤੇ ਲਿਆ ਕਰਜ਼ਾ, ਪਰਚਾ ਦਰਜ
Tuesday, Sep 22, 2026 - 03:03 AM (IST)
ਮੋਹਾਲੀ (ਜੱਸੀ) - ਨਿਹਾਲ ਸਿੰਘ ਵਾਲਾ ’ਚ ਕਰਜ਼ਾ ਧੋਖਾਦੇਹੀ ਦੇ ਮਾਮਲੇ ਦੀ ਜਾਂਚ ਦੌਰਾਨ ਪੁਲਸ ਸਾਹਮਣੇ ਹੈਰਾਨੀਜਨਕ ਮਾਮਲਾ ਆਇਆ ਹੈ। ਜਾਂਚ ਰਿਪੋਰਟ ਮੁਤਾਬਕ ਜਿਸ ਔਰਤ ਦੀ ਮੌਤ 8 ਨਵੰਬਰ 2019 ਨੂੰ ਹੋ ਚੁੱਕੀ ਸੀ, ਉਸ ਦੇ ਨਾਂ ’ਤੇ 2022 ’ਚ 40 ਹਜ਼ਾਰ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਲਿਆ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰਜ਼ੇ ਨਾਲ ਸਬੰਧਤ ਦਸਤਾਵੇਜ਼ਾਂ ਤੇ ਬੈਂਕ ਰਿਕਾਰਡ ’ਚ ਮ੍ਰਿਤਕ ਔਰਤ ਦੀ ਤਸਵੀਰ ਦੀ ਥਾਂ ਕਿਸੇ ਹੋਰ ਔਰਤ ਦੀ ਤਸਵੀਰ ਵਰਤੀ ਗਈ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਪੰਜਾਬ ਸਟੇਟ ਕ੍ਰਾਈਮ ਪੁਲਸ ਮੋਹਾਲੀ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।
ਪੁਲਸ ਵੱਲੋਂ ਦਰਜ ਮਾਮਲੇ ’ਚ ਦੋ ਔਰਤਾਂ ਤੋਂ ਇਲਾਵਾ ‘ਅਪਮਾਨੀ ਲਿਮਟਿਡ’ ਦੀ ਭਦੌੜ ਸ਼ਾਖਾ ਦੇ ਇਕ ਮੁਲਾਜ਼ਮ, ‘ਸ਼ੁਭ ਲਕਸ਼ਮੀ ਪ੍ਰਾਈਵੇਟ ਫਾਈਨਾਂਸ ਲਿਮਟਿਡ’ ਦੀ ਮੋਗਾ ਸ਼ਾਖਾ ਦੇ ਇਕ ਮੁਲਾਜ਼ਮ ਤੇ ਪੰਜਾਬ ਐਂਡ ਸਿੰਧ ਬੈਂਕ ਅਜੀਤਵਾਲ ਦੇ ਤਤਕਾਲੀ ਬ੍ਰਾਂਚ ਮੈਨੇਜਰ ਨੂੰ ਮੁਲਜ਼ਮ ਬਣਾਇਆ ਗਿਆ ਹੈ। ਇਹ ਮਾਮਲਾ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਕ੍ਰਾਈਮ ਜ਼ੋਨ ਦੇ ਨਿਰਦੇਸ਼ਾਂ ਤੇ ਬਠਿੰਡਾ ਤੋਂ ਪ੍ਰਾਪਤ ਜਾਂਚ ਰਿਪੋਰਟ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।
