298 ਦਿਨਾਂ ਦਾ ਬਿਜਲੀ ਬਿੱਲ 25 ਹਜ਼ਾਰ ਆਇਆ, ਮੁਆਫ਼ ਯੂਨਿਟਾਂ ਵੀ ਬਿੱਲ ’ਚ ਜੋੜਨ ਦਾ ਦੋਸ਼

Saturday, Sep 19, 2026 - 02:19 PM (IST)

298 ਦਿਨਾਂ ਦਾ ਬਿਜਲੀ ਬਿੱਲ 25 ਹਜ਼ਾਰ ਆਇਆ, ਮੁਆਫ਼ ਯੂਨਿਟਾਂ ਵੀ ਬਿੱਲ ’ਚ ਜੋੜਨ ਦਾ ਦੋਸ਼

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ’ਚ ਬਿਜਲੀ ਬਿੱਲ ਤਿਆਰ ਕਰਨ ਦੀ ਪ੍ਰਣਾਲੀ ਨੂੰ ਲੈ ਕੇ ਨਵਾਂ ਮਾਮਲਾ ਸਾਹਮਣੇ ਆਇਆ ਹੈ। ਵਾਰਡ ਨੰਬਰ-16 ਦੀ ਕੌਂਸਲਰ ਕਿਰਨਦੀਪ ਕੌਰ ਦੇ ਪਤੀ ਸਿਮਰਨ ਢੋਲਾ ਨੇ ਆਪਣੇ ਘਰ ਆਏ ਕਰੀਬ 25 ਹਜ਼ਾਰ ਰੁਪਏ ਦੇ ਬਿਜਲੀ ਬਿੱਲ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਵਿਭਾਗ ਵੱਲੋਂ 298 ਦਿਨਾਂ ਦੀ ਖ਼ਪਤ ਇਕੱਠੀ ਕਰਕੇ ਬਿੱਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਸ ’ਚ ਪਹਿਲਾਂ ਮੁਆਫ਼ ਹੋ ਚੁੱਕੀਆਂ ਯੂਨਿਟਾਂ ਦਾ ਹਿਸਾਬ ਵੀ ਜੋੜ ਦਿੱਤਾ ਗਿਆ। ਢੋਲਾ ਨੇ ਦੱਸਿਆ ਕਿ ਵਿਭਾਗ ਤੋਂ ਬਿੱਲ ਸਬੰਧੀ ਜਾਣਕਾਰੀ ਲੈਣ ’ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ 298 ਦਿਨਾਂ, ਭਾਵ ਕਰੀਬ 10 ਮਹੀਨਿਆਂ ਦੀ ਖ਼ਪਤ ਦਾ ਬਿੱਲ ਹੈ। ਉਨ੍ਹਾਂ ਮੁਤਾਬਕ ਨਵੰਬਰ ਤੋਂ ਮਾਰਚ ਤੱਕ ਵੱਖ-ਵੱਖ ਬਿਲਿੰਗ ਅਵਧੀਆਂ ਦੌਰਾਨ ਉਨ੍ਹਾਂ ਦੀ ਬਿਜਲੀ ਖ਼ਪਤ 500 ਤੋਂ 600 ਯੂਨਿਟ ਦੇ ਵਿਚਕਾਰ ਰਹੀ ਅਤੇ ਉਨ੍ਹਾਂ ਨੂੰ ਸਿਫ਼ਰ ਬਿੱਲ ਮਿਲਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਗਰਮੀਆਂ ’ਚ ਖ਼ਪਤ ਵੱਧਣ ਤੋਂ ਬਾਅਦ ਪਿਛਲੇ ਮਹੀਨਿਆਂ ਦੀ ਖ਼ਪਤ ਵੀ ਮੌਜੂਦਾ ਬਿੱਲ ’ਚ ਸ਼ਾਮਲ ਕਰ ਦਿੱਤੀ ਗਈ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ 298 ਦਿਨਾਂ ਦੀ ਖ਼ਪਤ ਇਕੱਠੀ ਕਰਕੇ ਬਿੱਲ ਬਣਾਇਆ ਗਿਆ ਹੈ ਤਾਂ ਹਰੇਕ ਬਿਲਿੰਗ ਅਵਧੀ ਦੌਰਾਨ ਮਿਲਣ ਵਾਲੀ ਸਬਸਿਡੀ ਦਾ ਹਿਸਾਬ ਕਿਵੇਂ ਲਾਇਆ ਗਿਆ। ਉਨ੍ਹਾਂ ਕਿਹਾ ਕਿ ਬਿੱਲ ’ਚ ਦਰਜ ਖ਼ਪਤ ਅਤੇ ਪੁਰਾਣੇ ਰਿਕਾਰਡ ਦੀ ਜਾਂਚ ਕਰਕੇ ਵਿਭਾਗ ਨੂੰ ਬਿੱਲ ਦਾ ਪੂਰਾ ਹਿਸਾਬ ਸਪੱਸ਼ਟ ਕਰਨਾ ਚਾਹੀਦਾ ਹੈ।
ਜੇ ਬਿੱਲ ਵੱਧ ਲੱਗਦਾ ਹੈ ਤਾਂ ਦਫ਼ਤਰ ਆ ਕੇ ਜਾਂਚ ਕਰਵਾ ਸਕਦੇ ਹਨ : ਜੇ.ਈ.
ਮਾਮਲੇ ਸਬੰਧੀ ਸੰਪਰਕ ਕਰਨ ’ਤੇ ਸਬੰਧਿਤ ਜੇ. ਈ. ਅਸ਼ੀਸ਼ ਕੁਮਾਰ ਨੇ ਦੱਸਿਆ ਕਿ 298 ਦਿਨਾਂ ਦੀ ਖ਼ਪਤ ਦੇ ਹਿਸਾਬ ਨਾਲ ਕਰੀਬ 25 ਹਜ਼ਾਰ ਰੁਪਏ ਦਾ ਬਿੱਲ ਆਉਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ਪਤਕਾਰ ਨੂੰ ਬਿੱਲ ਦੀ ਰਕਮ ਵੱਧ ਲੱਗਦੀ ਹੈ ਜਾਂ ਹਿਸਾਬ ਸਬੰਧੀ ਕੋਈ ਸ਼ੰਕਾ ਹੈ ਤਾਂ ਉਹ ਦਫ਼ਤਰ ਆ ਕੇ ਬਿੱਲ ਦੀ ਪੂਰੀ ਜਾਂਚ ਕਰਵਾ ਕੇ ਆਪਣੀ ਤਸੱਲੀ ਕਰ ਸਕਦਾ ਹੈ।


author

Babita

Content Editor

Related News