ਛੋਟ ਲੈਣ ਲਈ ਬਚੇ ਸਿਰਫ਼ 4 ਦਿਨ, 31 ਤੱਕ ਜਮ੍ਹਾਂ ਕਰਵਾਓ ਪ੍ਰਾਪਰਟੀ ਟੈਕਸ
Wednesday, May 27, 2026 - 02:17 PM (IST)
ਚੰਡੀਗੜ੍ਹ (ਮਨਪ੍ਰੀਤ) : ਨਿਗਮ ਨੇ ਸ਼ਹਿਰ ਦੇ ਸਾਰੇ ਪ੍ਰਾਪਰਟੀ ਮਾਲਕਾਂ ਨੂੰ 31 ਮਈ ਤੋਂ ਪਹਿਲਾਂ-ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਸਮੇਂ ’ਤੇ ਟੈਕਸ ਭਰਣ ’ਤੇ ਨਾਗਰਿਕਾਂ ਨੂੰ ਛੋਟ ਮਿਲੇਗੀ ਤੇ ਜੁਰਮਾਨੇ-ਵਿਆਜ ਤੋਂ ਵੀ ਬਚ ਜਾਣਗੇ। 31 ਮਈ ਤੱਕ ਚੱਲ ਰਹੇ ਅਸੈਸਮੈਂਟ ਪੀਰੀਅਡ ਦੌਰਾਨ ਰਿਹਾਇਸ਼ੀ ਪ੍ਰਾਪਰਟੀ ’ਤੇ 20 ਫ਼ੀਸਦੀ ਤੇ ਵਪਾਰਕ ਪ੍ਰਾਪਰਟੀ ’ਤੇ 10 ਫ਼ੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਛੋਟ ਲੈਣ ਲਈ ਸਿਰਫ਼ 4 ਦਿਨ ਬਚੇ ਹਨ ਤੇ ਛੋਟ 2026-27 ਦੇ ਟੈਕਸ ’ਤੇ ਲਾਗੂ ਹੈ। ਵਪਾਰਕ, ਉਦਯੋਗਿਕ, ਸੰਸਥਾਗਤ, ਸਰਕਾਰੀ ਤੇ ਰਿਹਾਇਸ਼ੀ ਸਾਰੀਆਂ ਜਾਇਦਾਦਾਂ ਦੇ ਡਿਮਾਂਡ ਨੋਟਿਸ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ। 31 ਮਈ ਤੋਂ ਬਾਅਦ ਟੈਕਸ ਭਰਿਆ ਤਾਂ 1 ਅਪ੍ਰੈਲ ਤੋਂ ਲੈ ਕੇ ਜਿਸ ਮਹੀਨੇ ਪੈਸੇ ਭਰੋਗੇ, ਉਸ ਤੱਕ ਟੈਕਸ ’ਤੇ 25 ਫ਼ੀਸਦੀ ਜੁਰਮਾਨਾ ਤੇ 12 ਫ਼ੀਸਦੀ ਸਾਲਾਨਾ ਵਿਆਜ ਵੱਖ ਤੋਂ ਲੱਗੇਗਾ।
ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਤੁਹਾਡੇ ਟੈਕਸ ਨਾਲ ਹੀ ਸ਼ਹਿਰ ਦੀਆਂ ਸੜਕਾਂ, ਲਾਈਟਾਂ ਤੇ ਹੋਰ ਸਹੂਲਤਾਂ ਸੁਧਰਦੀਆਂ ਹਨ। ਇਸ ਲਈ ਸਾਰੇ ਵਸਨੀਕ ਤੇ ਦੁਕਾਨਦਾਰ 31 ਮਈ ਤੋਂ ਪਹਿਲਾਂ ਟੈਕਸ ਭਰ ਕੇ ਛੋਟ ਦਾ ਫਾਇਦਾ ਲੈਣ। ਹੁਣ ਤੱਕ 61 ਲੱਖ 910 ਲੋਕਾਂ ਨੇ 49.08 ਕਰੋੜ ਰੁਪਏ ਟੈਕਸ ਜਮ੍ਹਾਂ ਕਰਵਾ ਦਿੱਤਾ ਹੈ। ਦੂਜੇ ਪਾਸੇ ਹਾਲੇ ਡਿਮਾਂਡ ਬਿੱਲ ਨਹੀਂ ਮਿਲਿਆ ਤਾਂ ਈ-ਸੰਪਰਕ ਪੋਰਟਲ ’ਤੇ ਜਾ ਕੇ ਬਕਾਇਆ ਚੈੱਕ ਕਰ ਲਓ ਤੇ ਸਮੇਂ ’ਤੇ ਪੈਸੇ ਭਰ ਦਿਓ। ਕਿਸੇ ਵੀ ਪੁੱਛਗਿੱਛ ਲਈ ਸੈਕਟਰ-17 ਵਿਖੇ ਨਿਗਮ ਦਫ਼ਤਰ ਦੀ ਗਰਾਊਂਡ ਫਲੋਰ ’ਤੇ ਟੈਕਸ ਬ੍ਰਾਂਚ ਜਾਂ 0172-5021618 ’ਤੇ ਫੋਨ ਕਰੋ।
