ਰਵਨੀਤ ਸਿੰਘ ਬਿੱਟੂ ’ਤੇ ਭਰੋਸਾ ਬਰਕਰਾਰ, ਅੱਗਿਓਂ ਵੱਡੀ ਜ਼ਿੰਮੇਵਾਰੀ ਲਈ ਤਿਆਰ!

Wednesday, Jun 24, 2026 - 12:46 PM (IST)

ਰਵਨੀਤ ਸਿੰਘ ਬਿੱਟੂ ’ਤੇ ਭਰੋਸਾ ਬਰਕਰਾਰ, ਅੱਗਿਓਂ ਵੱਡੀ ਜ਼ਿੰਮੇਵਾਰੀ ਲਈ ਤਿਆਰ!

ਚੰਡੀਗੜ੍ਹ (ਅੰਕੁਰ) : ਪੰਜਾਬ ਦੀ ਸਿਆਸਤ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਚਰਚਾਵਾਂ ਤੇਜ਼ ਹਨ। ਰਾਜਸਥਾਨ ਤੋਂ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 21 ਜੂਨ ਨੂੰ ਖ਼ਤਮ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਹ ਕੇਂਦਰੀ ਮੰਤਰੀ ਮੰਡਲ ’ਚ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਸਥਿਤੀ ਨੇ ਇਹ ਸੰਕੇਤ ਦਿੱਤਾ ਹੈ ਕਿ ਭਾਜਪਾ ਹਾਈਕਮਾਨ ਦਾ ਰਵਨੀਤ ਬਿੱਟੂ ’ਤੇ ਭਰੋਸਾ ਪਹਿਲਾਂ ਵਾਂਗ ਹੀ ਕਾਇਮ ਹੈ ਅਤੇ ਪਾਰਟੀ ਪੰਜਾਬ ’ਚ ਉਨ੍ਹਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੀ। ਸੰਵਿਧਾਨਕ ਤੌਰ ’ਤੇ ਕੋਈ ਵੀ ਵਿਅਕਤੀ ਸੰਸਦ ਮੈਂਬਰ ਨਾ ਹੋਣ ਦੇ ਬਾਵਜੂਦ 6 ਮਹੀਨੇ ਤੱਕ ਮੰਤਰੀ ਰਹਿ ਸਕਦਾ ਹੈ। ਇਸ ਲਈ ਰਵਨੀਤ ਬਿੱਟੂ ਦਾ ਮੰਤਰੀ ਅਹੁਦੇ ’ਤੇ ਬਣੇ ਰਹਿਣਾ ਪੂਰੀ ਤਰ੍ਹਾਂ ਕਾਨੂੰਨੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਇਸ 6 ਮਹੀਨੇ ਦੀ ਮਿਆਦ ਨੂੰ ਇਕ ਰਣਨੀਤਕ ਮੌਕੇ ਵਜੋਂ ਦੇਖ ਰਹੀ ਹੈ ਅਤੇ ਇਸ ਦੌਰਾਨ ਬਿੱਟੂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਖ਼ਾਸ ਗੱਲ ਇਹ ਹੈ ਕਿ ਬਿੱਟੂ ਤੇ ਕੇਂਦਰੀ ਰਾਜ ਮੰਤਰੀ ਜਾਰਜ ਕੁਰੀਅਨ ਦਾ ਰਾਜ ਸਭਾ ਕਾਰਜਕਾਲ ਇੱਕੋ ਦਿਨ ਖ਼ਤਮ ਹੋਇਆ ਸੀ। ਜਿੱਥੇ ਜਾਰਜ ਕੁਰੀਅਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਉੱਥੇ ਬਿੱਟੂ ਨੂੰ ਮੰਤਰੀ ਮੰਡਲ ’ਚ ਜਾਰੀ ਰੱਖਿਆ ਗਿਆ। ਇਸ ਤੋਂ ਸਿਆਸੀ ਸੰਕੇਤ ਇਹ ਮਿਲ ਰਹੇ ਹਨ ਕਿ ਭਾਜਪਾ ਪੰਜਾਬ ਦੇ ਸੰਦਰਭ ’ਚ ਬਿੱਟੂ ਨੂੰ ਇਕ ਮਹੱਤਵਪੂਰਨ ਚਿਹਰੇ ਵਜੋਂ ਦੇਖ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ

ਪਾਰਟੀ ਦੇ ਅੰਦਰੂਨੀ ਹਲਕਿਆਂ ’ਚ ਇਹ ਧਾਰਨਾ ਮਜ਼ਬੂਤ ਹੈ ਕਿ ਪੰਜਾਬ ’ਚ ਭਾਜਪਾ ਨੂੰ ਇਕ ਅਜਿਹੇ ਨੇਤਾ ਦੀ ਲੋੜ ਹੈ, ਜੋ ਜ਼ਮੀਨੀ ਪੱਧਰ ‘ਤੇ ਸਰਗਰਮ ਹੋਵੇ, ਸਿੱਖ ਭਾਈਚਾਰੇ ’ਚ ਪਛਾਣ ਰੱਖਦਾ ਹੋਵੇ ਅਤੇ ਕੇਂਦਰ ਤੇ ਪੰਜਾਬ ਵਿਚਕਾਰ ਇਕ ਮਜ਼ਬੂਤ ਕੜੀ ਦਾ ਕੰਮ ਕਰ ਸਕੇ। ਬਿੱਟੂ ਇਸ ਸਾਰੇ ਮਾਪਦੰਡਾਂ ’ਤੇ ਖਰੇ ਉੱਤਰਦੇ ਨਜ਼ਰ ਆ ਰਹੇ ਹਨ। ਪਾਰਟੀ ਦਾ ਰੁ਼ਖ਼ ਇਹ ਦਰਸਾਉਂਦਾ ਹੈ ਕਿ ਉਹ ਪੰਜਾਬ ’ਚ ਆਪਣੇ ਸੰਗਠਨ ਅਤੇ ਸਿਆਸੀ ਆਧਾਰ ਨੂੰ ਮਜ਼ਬੂਤ ਕਰਨ ਲਈ ਬਿੱਟੂ ਨੂੰ ਇਕ ਮਹੱਤਵਪੂਰਨ ਹਥਿਆਰ ਵਜੋਂ ਦੇਖ ਰਹੀ ਹੈ। ਰਾਜ ਸਭਾ ਕਾਰਜਕਾਲ ਖ਼ਤਮ ਹੋਣ ਦੇ ਬਾਵਜੂਦ ਮੰਤਰੀ ਮੰਡਲ ’ਚ ਉਨ੍ਹਾਂ ਦੀ ਮੌਜੂਦਗੀ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਜਪਾ ਹਾਈਕਮਾਨ ਦਾ ਉਨ੍ਹਾਂ ’ਤੇ ਵਿਸ਼ਵਾਸ ਅਜੇ ਵੀ ਬਰਕਰਾਰ ਹੈ। ਆਉਣ ਵਾਲੇ ਮਹੀਨਿਆਂ ’ਚ ਉਨ੍ਹਾਂ ਦੀ ਭੂਮਿਕਾ ਅਤੇ ਸਰਗਰਮੀ ਪੰਜਾਬ ਦੀ ਸਿਆਸਤ ’ਚ ਹੋਰ ਵੱਡੀ ਹੋ ਸਕਦੀ ਹੈ। ਕੁੱਲ ਮਿਲਾ ਕੇ ਮੌਜੂਦਾ ਹਾਲਾਤ ਤੋਂ ਇਹੀ ਸੰਦੇਸ਼ ਨਿਕਲਦਾ ਹੈ ਕਿ ਭਾਜਪਾ ਰਵਨੀਤ ਬਿੱਟੂ ਨੂੰ ਪੰਜਾਬ ’ਚ ਆਪਣੀ ਰਣਨੀਤੀ ਦਾ ਕੇਂਦਰੀ ਚਿਹਰਾ ਮੰਨ ਰਹੀ ਹੈ। ਪਾਰਟੀ ਨਾ ਸਿਰਫ਼ ਉਨ੍ਹਾਂ ’ਤੇ ਭਰੋਸਾ ਪ੍ਰਗਟਾ ਰਹੀ ਹੈ ਸਗੋਂ ਇਹ ਵੀ ਸਪੱਸ਼ਟ ਕਰ ਰਹੀ ਹੈ ਕਿ ਪੰਜਾਬ ਵਰਗੇ ਅਹਿਮ ਸੂਬੇ ’ਚ ਉਹ ਕੋਈ ਵੀ ਸਿਆਸੀ ਜੋਖ਼ਮ ਲੈਣ ਦੇ ਮੂਡ ’ਚ ਨਹੀਂ ਹੈ। ਬਿੱਟੂ ਦਾ ਮੰਤਰੀ ਮੰਡਲ ’ਚ ਬਣੇ ਰਹਿਣਾ ਇਸ ਭਰੋਸੇ ਅਤੇ ਸਿਆਸੀ ਰਣਨੀਤੀ ਦਾ ਸਭ ਤੋਂ ਵੱਡਾ ਸਬੂਤ ਮੰਨਿਆ ਜਾ ਰਿਹਾ ਹੈ।

ਲੋਕ ਸਭਾ ਚੋਣਾਂ ਦੌਰਾਨ ਵੀ ਪ੍ਰਗਟਾਇਆ ਸੀ ਭਰੋਸਾ

ਲੋਕ ਸਭਾ ਚੋਣਾਂ ਦੌਰਾਨ ਵੀ ਭਾਜਪਾ ਦੇ ਸਿਖਰਲੇ ਨੇਤਾਵਾਂ ਨੇ ਬਿੱਟੂ ’ਤੇ ਖੁੱਲ੍ਹ ਕੇ ਭਰੋਸਾ ਪ੍ਰਗਟਾਇਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਸ ਸਮੇਂ ਉਨ੍ਹਾਂ ਨੂੰ ਆਪਣਾ ਦੋਸਤ ਦੱਸਿਆ ਸੀ। ਉਹ ਲੁਧਿਆਣਾ ਤੋਂ ਚੋਣ ਨਹੀਂ ਜਿੱਤ ਸਕੇ ਪਰ ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਅਤੇ ਬਾਅਦ ’ਚ ਰਾਜ ਸਭਾ ਰਾਹੀਂ ਸੰਸਦ ’ਚ ਭੇਜਿਆ ਤੇ ਰੇਲਵੇ, ਫੂਡ ਪ੍ਰੋਸੈਸਿੰਗ ਜਿਹੇ ਅਹਿਮ ਵਿਭਾਗਾਂ ਦਾ ਕੇਂਦਰੀ ਰਾਜ ਮੰਤਰੀ ਬਣਾਇਆ। ਇਹ ਫ਼ੈਸਲੇ ਸਪੱਸ਼ਟ ਕਰਦੇ ਹਨ ਕਿ ਭਾਜਪਾ ਉਨ੍ਹਾਂ ਨੂੰ ਕੇਵਲ ਇਕ ਆਮ ਆਗੂ ਨਹੀਂ ਸਗੋਂ ਪੰਜਾਬ ’ਚ ਆਪਣੀ ਰਣਨੀਤੀ ਦਾ ਇਕ ਅਹਿਮ ਹਿੱਸਾ ਮੰਨਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਨੂੰ ਲੈ ਕੇ ਨਵੀਂ ਅਪਡੇਟ, ਰੋਡਵੇਜ਼ ਮੁਲਾਜ਼ਮਾਂ ਨੇ ਲਿਆ ਵੱਡਾ ਫ਼ੈਸਲਾ

ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਚਾਹੁੰਦੀ ਤਾਂ ਕਾਰਜਕਾਲ ਖ਼ਤਮ ਹੋਣ ਤੋਂ ਤੁਰੰਤ ਬਾਅਦ ਬਿੱਟੂ ਨੂੰ ਮੰਤਰੀ ਮੰਡਲ ਤੋਂ ਹਟਾ ਸਕਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਦੀ ਬਜਾਏ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਜਾਰੀ ਰੱਖਣ ਦਾ ਮੌਕਾ ਦਿੱਤਾ ਗਿਆ। ਇਹ ਫ਼ੈਸਲਾ ਦਰਸਾਉਂਦਾ ਹੈ ਕਿ ਪਾਰਟੀ ਦਾ ਵਿਸ਼ਵਾਸ ਅਜੇ ਵੀ ਉਨ੍ਹਾਂ ’ਤੇ ਪੂਰੀ ਤਰ੍ਹਾਂ ਕਾਇਮ ਹੈ। ਪੰਜਾਬ ਦੀ ਸਿਆਸਤ ਨੂੰ ਧਿਆਨ ’ਚ ਰੱਖਦਿਆਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਰਵਨੀਤ ਬਿੱਟੂ ਦੀ ਸਰਗਰਮੀ ਹੋਰ ਵੱਧ ਸਕਦੀ ਹੈ। ਭਾਜਪਾ ਪੰਜਾਬ ’ਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਸ ਮੁਹਿੰਮ ’ਚ ਬਿੱਟੂ ਦੀ ਭੂਮਿਕਾ ਬਹੁਤ ਅਹਿਮ ਮੰਨੀ ਜਾ ਰਹੀ ਹੈ। ਪਾਰਟੀ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਪੰਜਾਬ ’ਚ ਉਸ ਦਾ ਸੰਦੇਸ਼ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚੇ ਅਤੇ ਇਸ ਲਈ ਇਕ ਪ੍ਰਭਾਵਸ਼ਾਲੀ ਚਿਹਰੇ ਦੀ ਲੋੜ ਹੈ। ਪੰਜਾਬ ਦੀ ਰਾਜਨੀਤੀ ’ਚ ਇਸ ਵੇਲੇ ਕਈ ਸਿਆਸੀ ਧਿਰਾਂ ਆਪਣੀ ਪਕੜ ਮਜ਼ਬੂਤ ਕਰਨ ਲਈ ਯਤਨ ਕਰ ਰਹੀਆਂ ਹਨ। ਇਸ ਲਈ ਭਾਜਪਾ ਕਿਸੇ ਵੀ ਤਰ੍ਹਾਂ ਦਾ ਨਾਂਹ-ਪੱਖੀ ਸੰਦੇਸ਼ ਜਾਣ ਤੋਂ ਬਚਣਾ ਚਾਹੁੰਦੀ ਹੈ। ਜੇਕਰ ਬਿੱਟੂ ਨੂੰ ਤੁਰੰਤ ਮੰਤਰੀ ਮੰਡਲ ਤੋਂ ਹਟਾਇਆ ਜਾਂਦਾ ਤਾਂ ਵਿਰੋਧੀ ਧਿਰ ਇਸ ਨੂੰ ਇਕ ਵੱਖਰੇ ਢੰਗ ਨਾਲ ਪੇਸ਼ ਕਰ ਸਕਦੀ ਸੀ। ਇਸ ਲਈ ਪਾਰਟੀ ਨੇ ਸਥਿਰਤਾ ਤੇ ਭਰੋਸੇ ਦਾ ਸੰਦੇਸ਼ ਦੇਣਾ ਜ਼ਿਆਦਾ ਉੱਚਿਤ ਸਮਝਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


 


author

Babita

Content Editor

Related News