ਪਾਰਾ 38 ਡਿਗਰੀ ਤੱਕ ਪੁੱਜਿਆ, 22 ਜੂਨ ਤੋਂ ਰਾਹਤ ਦੇ ਆਸਾਰ
Saturday, Jun 20, 2026 - 01:00 PM (IST)
ਚੰਡੀਗੜ੍ਹ (ਪਾਲ) : ਟ੍ਰਾਈਸਿਟੀ 'ਚ ਗਰਮੀ ਅਤੇ ਹੁੰਮਸ ਦਾ ਦਬਾਅ ਜਾਰੀ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ 22 ਜੂਨ ਤੋਂ ਮੌਸਮ 'ਚ ਬਦਲਾਅ ਅਤੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲਣ ਦੇ ਸੰਕੇਤ ਦਿੱਤੇ ਹਨ। ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਗਰਜ-ਚਮਕ, ਤੇਜ਼ ਹਵਾਵਾਂ ਅਤੇ ਛਿੱਟੇ ਪੈਣ ਦੀ ਸੰਭਾਵਨਾ ਬਣੀ ਰਹੇਗੀ। ਮੌਸਮ ਵਿਭਾਗ ਨੇ 19 ਤੋਂ 21 ਜੂਨ ਤੱਕ ਯੈਲੋ ਅਲਰਟ ਜਾਰੀ ਕਰਦਿਆਂ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਦਿੱਤੀ ਹੈ। ਕੁੱਝ ਥਾਵਾਂ ’ਤੇ ਬਿਜਲੀ ਚਮਕਣ ਅਤੇ ਹਲਕੀ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ, ਜਿਸ ਕਾਰਨ ਮੌਸਮ ਵਿੱਚ ਤਬਦੀਲੀ ਦੇ ਅਸਾਰ ਬਣ ਰਹੇ ਹਨ। ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਭਰ ਧੁੱਪ ਤੇਜ਼ ਰਹੀ ਅਤੇ ਵਧੀ ਹੋਈ ਨਮੀ ਕਾਰਨ ਲੋਕਾਂ ਨੂੰ ਹੁੰਮਸ ਦਾ ਸਾਹਮਣਾ ਕਰਨਾ ਪਿਆ। ਮੌਸਮ ਮਾਹਿਰਾਂ ਅਨੁਸਾਰ 21 ਅਤੇ 22 ਜੂਨ ਨੂੰ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਨਾਲ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ।
ਤਿੰਨ ਦਿਨ ਯੈਲੋ ਅਲਰਟ
ਮੌਸਮ ਵਿਭਾਗ ਨੇ 21 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਕੁੱਝ ਖੇਤਰਾਂ ਵਿੱਚ ਗਰਜ-ਚਮਕ, ਬਿਜਲੀ ਡਿੱਗਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਆਮ ਨਾਲੋਂ 52 ਫ਼ੀਸਦੀ ਘੱਟ ਬਾਰਸ਼
ਜੂਨ ਮਹੀਨੇ ਦੌਰਾਨ ਚੰਡੀਗੜ੍ਹ 'ਚ ਹੁਣ ਤੱਕ ਸਿਰਫ਼ 35 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ, ਜੋ ਆਮ ਵਰਖਾ ਨਾਲੋਂ ਕਰੀਬ 52 ਫ਼ੀਸਦੀ ਘੱਟ ਹੈ। ਪ੍ਰੀ-ਮਾਨਸੂਨ ਬਾਰਸ਼ ਦੀ ਕਮੀ ਕਾਰਨ ਗਰਮੀ ਅਤੇ ਹੁੰਮਸ ਦਾ ਅਸਰ ਲਗਾਤਾਰ ਬਣਿਆ ਹੋਇਆ ਹੈ।
