ਗਰਮੀ ਨੇ ਫਿਰ ਕੱਢੇ ਵੱਟ, ਤਾਪਮਾਨ 40 ਤੋਂ ਪਾਰ, 1 ਜੁਲਾਈ ਤੱਕ ਮੀਂਹ ਦਾ ਅਲਰਟ
Saturday, Jun 27, 2026 - 12:32 PM (IST)
ਚੰਡੀਗੜ੍ਹ (ਸ਼ੀਨਾ) : ਚੰਡੀਗੜ੍ਹ ਤੇ ਪੰਜਾਬ ’ਚ ਇਕ ਵਾਰ ਫਿਰ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.9 ਡਿਗਰੀ ਵੱਧ ਰਿਹਾ। ਸਵੇਰੇ ਹਲਕੀ ਬੱਦਲਵਾਈ ਕਾਰਨ ਕੁੱਝ ਰਾਹਤ ਰਹੀ ਪਰ ਦੁਪਹਿਰ ਬਾਅਦ ਤੇਜ਼ ਧੁੱਪ ਅਤੇ ਹੁੰਮਸ ਨੇ ਲੋਕਾਂ ਦੇ ਵੱਟ ਕੱਢ ਦਿੱਤੇ। ਹਾਲਾਂਕਿ ਇਹ ਗਰਮੀ ਜ਼ਿਆਦਾ ਦਿਨ ਨਹੀਂ ਰਹੇਗੀ, ਕਿਉਂਕਿ ਮੌਸਮ ਵਿਭਾਗ ਨੇ 27 ਜੂਨ ਤੋਂ ਇਕ ਜੁਲਾਈ ਤੱਕ ਚੰਡੀਗੜ੍ਹ ਅਤੇ ਪੰਜਾਬ ਲਈ ਮੀਂਹ ਅਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਦੌਰਾਨ ਮਾਨਸੂਨ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਵੇਗੀ।
ਖ਼ਾਸ ਕਰਕੇ 27 ਅਤੇ 28 ਜੂਨ ਨੂੰ ਮਾਨਸੂਨ ਸਭ ਤੋਂ ਵੱਧ ਸਰਗਰਮ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਚਮਕ ਨਾਲ ਬਾਰਿਸ਼ ਹੋ ਸਕਦੀ ਹੈ। ਇਸ ਨੂੰ ਦੇਖਦਿਆਂ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਗੈਰ-ਜ਼ਰੂਰੀ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਹੈ। ਭਾਰੀ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ, ਆਵਾਜਾਈ ਪ੍ਰਭਾਵਿਤ ਹੋਣ ਅਤੇ ਕੁੱਝ ਥਾਵਾਂ 'ਤੇ ਬਿਜਲੀ ਸਪਲਾਈ ’ਚ ਰੁਕਾਵਟ ਆਉਣ ਦੀ ਵੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਵੀ ਸਬੰਧਿਤ ਵਿਭਾਗਾਂ ਨੂੰ ਅਲਰਟ ਰਹਿਣ ਅਤੇ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 29 ਜੂਨ ਤੋਂ ਇਕ ਜੁਲਾਈ ਤੱਕ ਵੀ ਮੀਂਹ ਦਾ ਦੌਰ ਜਾਰੀ ਰਹੇਗਾ। ਹਾਲਾਂਕਿ ਇਸ ਦੌਰਾਨ ਮੀਂਹ ਦੀ ਤੀਬਰਤਾ ਕੁੱਝ ਘੱਟ ਰਹਿ ਸਕਦੀ ਹੈ, ਪਰ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਬਣੀ ਰਹੇਗੀ।
