ਹਵਾਈ ਅੱਡੇ ਤੋਂ ਨੋਇਡਾ ਲਈ ਨਵੀਂ ਉਡਾਣ ਇਕ ਜੁਲਾਈ ਤੋਂ
Tuesday, Jun 16, 2026 - 12:06 PM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਹਵਾਈ ਅੱਡੇ ਤੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ (ਜੇਵਰ) ਵਿਚਕਾਰ ਸਿੱਧੀ ਉਡਾਣ ਸੇਵਾ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਯਾਤਰਾ ਦਾ ਸਮਾਂ ਸਿਰਫ਼ ਇਕ ਘੰਟਾ ਰਹਿ ਜਾਵੇਗਾ। ਇਸ ਰੂਟ ’ਤੇ ਇੰਡੀਗੋ ਰੋਜ਼ਾਨਾ ਉਡਾਣਾਂ ਚਲਾਏਗੀ, ਜਿਸ ਨਾਲ ਦਿੱਲੀ-ਐੱਨ. ਸੀ. ਆਰ. ਤੇ ਪੱਛਮੀ ਉੱਤਰ ਪ੍ਰਦੇਸ਼ ਦੀ ਯਾਤਰਾ ਪਹਿਲਾਂ ਨਾਲੋਂ ਬਹੁਤ ਆਸਾਨ ਹੋ ਜਾਵੇਗੀ। ਨਵੀਂ ਸੇਵਾ ਤਹਿਤ ਉਡਾਣ ਨੋਇਡਾ ਤੋਂ ਸਵੇਰੇ 6:10 ਵਜੇ ਰਵਾਨਾ ਹੋਵੇਗੀ ਤੇ ਸਵੇਰੇ 7:10 ਵਜੇ ਚੰਡੀਗੜ੍ਹ ਪਹੁੰਚੇਗੀ।
ਇਸ ਤੋਂ ਬਾਅਦ ਇਹ ਚੰਡੀਗੜ੍ਹ ਤੋਂ ਸਵੇਰੇ 7:30 ਵਜੇ ਰਵਾਨਾ ਹੋਵੇਗੀ ਤੇ ਸਵੇਰੇ 8:35 ਵਜੇ ਨੋਇਡਾ ਪਹੁੰਚੇਗੀ। ਇਸ ਨਾਲ ਯਾਤਰੀਆਂ ਨੂੰ ਲੰਬੀ ਤੇ ਥਕਾਵਟ ਵਾਲੀ ਸੜਕ ਯਾਤਰਾ ਤੋਂ ਰਾਹਤ ਮਿਲੇਗੀ। ਇਸ ਰੂਟ ਦੀ ਵੱਧਦੀ ਸੰਭਾਵਨਾ ਨੂੰ ਪਛਾਣਦਿਆਂ ਏਅਰਲਾਈਨ ਨੇ 13 ਜੁਲਾਈ ਤੋਂ ਇੱਕ ਵਾਧੂ ਉਡਾਣ ਸੇਵਾ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਇਹ ਉਡਾਣ ਸੋਮਵਾਰ ਤੇ ਮੰਗਲਵਾਰ ਨੂੰ ਚੱਲੇਗੀ, ਜੋ ਨੋਇਡਾ ਤੋਂ ਸਵੇਰੇ 9:55 ਵਜੇ ਰਵਾਨਾ ਹੋਵੇਗਾ ਤੇ ਚੰਡੀਗੜ੍ਹ ਸਵੇਰੇ 10:55 ਵਜੇ ਪਹੁੰਚੇਗਾ ਜਦਕਿ ਵਾਪਸੀ ਦੀ ਉਡਾਣ ਚੰਡੀਗੜ੍ਹ ਤੋਂ ਦੁਪਹਿਰ 12:20 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 1:35 ਵਜੇ ਨੋਇਡਾ ਪਹੁੰਚੇਗੀ।
