ਕੈਪਟਨ ਆਪਣੀ ਵਜ਼ਾਰਤ ''ਚੋਂ ਸਿੱਧੂ ਦੀ ਤੁਰੰਤ ਕਰਨ ਛਾਂਟੀ: ਪ੍ਰੋ. ਚੰਦੂਮਾਜਰਾ

Sunday, Apr 15, 2018 - 12:46 PM (IST)

ਕੈਪਟਨ ਆਪਣੀ ਵਜ਼ਾਰਤ ''ਚੋਂ ਸਿੱਧੂ ਦੀ ਤੁਰੰਤ ਕਰਨ ਛਾਂਟੀ: ਪ੍ਰੋ. ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ)— ਕਤਲ ਕੇਸ 'ਚ ਫਸੇ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਵੱਲੋਂ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਘਟਨਾ ਚੱਕਰ ਤੋਂ ਬਾਅਦ ਸਿੱਧੂ ਨੂੰ ਜਾਂ ਤਾਂ ਖੁਦ ਹੀ ਮੰਤਰੀ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਨਹੀਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ ਆਪਣੀ ਵਜ਼ਾਰਤ 'ਚੋਂ ਛਾਂਟੀ ਕਰਨ।
ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਪੁਰਬ 'ਤੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਗੁ. ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਲਈ ਆਏ ਪ੍ਰੋ. ਚੰਦੂਮਾਜਰਾ ਨੇ ਪੰਜਾਬ ਸਰਕਾਰ ਦੀ ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਸਿਰਫ ਹੈਲੀਕਾਪਟਰ ਦੇ ਖਰਾਬ ਹੋਣ ਦੇ ਛੋਟੇ ਜਿਹੇ ਕਾਰਨ ਕਰਕੇ ਕਿਸਾਨਾਂ ਦੇ ਨਾਮਾਤਰ ਕਰਜ਼ੇ ਮੁਆਫ ਕਰਨ ਦੇ ਕੀਤੇ ਸਮਾਗਮ 'ਚ ਨਹੀਂ ਪਹੁੰਚਿਆ, ਉਸ ਮੁੱਖ ਮੰਤਰੀ ਤੋਂ ਲੋਕਾਂ ਨੂੰ ਹੋਰ ਕੀ ਆਸ ਹੋ ਸਕਦੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਮਾਣਯੋਗ ਸੁਪਰੀਮ ਕੋਰਟ ਤੋਂ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਮਾਸਟਰ ਹਰਜੀਤ ਸਿੰਘ ਅਚਿੰਤ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ, ਨੰਬਰਦਾਰ ਸੰਦੀਪ ਸਿੰਘ ਕਲੋਤਾਂ, ਮਨਜਿੰਦਰ ਸਿੰਘ ਬਰਾੜ, ਆਸ਼ੂ ਧੀਮਾਨ, ਕੁਲਵਿੰਦਰ ਕੌਰ, ਪਰਮਜੀਤ ਸਿੰਘ ਪੰਮਾ ਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।


Related News