ਪੰਡਿਤ ਨਹਿਰੂ ਦੇ ਬੁੱਤ ਦੀ 4 ਮਹੀਨਿਆਂ ਬਾਅਦ ਵੀ ਨਹੀਂ ਹੋਈ ਮੁਰੰਮਤ

11/17/2017 8:16:26 AM

ਨਾਭਾ  (ਜੈਨ) - ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਸ਼ਾਸਨ-ਕਾਲ ਦੌਰਾਨ ਇਸ ਰਿਆਸਤੀ ਨਗਰੀ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਸਾਹਿਬ ਅੰਬੇਡਕਰ ਸਮੇਤ 5 ਮਹਾਨ ਹਸਤੀਆਂ ਦੇ ਆਦਮਕੱਦ ਬੁੱਤ ਆਪਣੇ ਅਖਤਿਆਰੀ ਫੰਡਾਂ ਵਿਚੋਂ ਗ੍ਰਾਂਟਾਂ ਦੇ ਕੇ ਕਾਇਮ ਕਰਵਾਏ ਸਨ। ਇਨ੍ਹਾਂ ਦੀ ਵਾਰ-ਵਾਰ ਬੇਅਦਬੀ ਹੋਣ ਨਾਲ ਸੁਤੰਤਰਤਾ ਸੈਨਾਨੀ ਤੇ ਦੇਸ਼-ਭਗਤ ਪਰਿਵਾਰ ਬਹੁਤ ਪ੍ਰੇਸ਼ਾਨ ਹਨ। ਪੰਡਿਤ ਨਹਿਰੂ ਦੇ ਬੁੱਤ ਦੀ 4 ਮਹੀਨੇ ਪਹਿਲਾਂ 12 ਜੁਲਾਈ ਨੂੰ ਭੰਨ-ਤੋੜ ਕੀਤੀ ਗਈ ਸੀ। ਅਜੇ ਤੱਕ ਪ੍ਰਸ਼ਾਸਨ ਬੁੱਤ ਦੀ ਮੁਰੰਮਤ ਨਹੀਂ ਕਰਵਾ ਸਕਿਆ।
ਵਰਨਣਯੋਗ ਹੈ ਕਿ ਪੰਡਿਤ ਨਹਿਰੂ ਨੇ ਇਥੇ ਸਤੰਬਰ 1923 ਵਿਚ ਜੈਤੋ ਮੋਰਚੇ ਦੌਰਾਨ ਜੇਲ ਕੱਟੀ ਸੀ। ਪੰਡਿਤ ਨਹਿਰੂ ਨੇ ਆਪਣੀ ਲਿਖੀ ਪੁਸਤਕ ਵਿਚ ਨਾਭਾ ਜੇਲ ਨੂੰ ਚੂਹਿਆਂਵਾਲੀ ਜੇਲ ਦੱਸਿਆ ਸੀ। ਇੰਝ ਹੀ ਇੱਥੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਬੁੱਤ ਦੀ ਦੋ ਵਾਰੀ ਗਰਦਨ ਤੋੜੀ ਜਾ ਚੁੱਕੀ ਹੈ। ਪਹਿਲਾਂ ਡਾ. ਅੰਬੇਦਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਸੀ।
ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਜਨਰਲ ਸਕੱਤਰ ਅਤੇ ਫਰੀਡਮ ਫਾਈਟਰਜ਼ ਚਿਲਡਰਨ ਸੁਸਾਇਟੀ ਦੇ ਪ੍ਰਧਾਨ ਹਰਦੇਵ ਸਿੰਘ ਗਲਵੱਟੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ 24 ਜੂਨ 2017 ਨੂੰ ਰਾਜੀਵ ਗਾਂਧੀ ਦੇ ਬੁੱਤ ਅਤੇ 12 ਜੁਲਾਈ 2017 ਨੂੰ ਪੰਡਿਤ ਨਹਿਰੂ ਦੇ ਬੁੱਤ ਦੀ ਭੰਨ-ਤੋੜ ਕੀਤੀ ਗਈ ਪਰ ਸ਼ਰਾਰਤੀ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਮਹਾਰਾਜਾ ਹੀਰਾ ਸਿੰਘ, ਡਾ. ਅੰਬੇਦਕਰ ਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਬੁੱਤਾਂ ਦੀ ਬੇਅਦਬੀ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਸੰਭਾਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਹਲਕੇ ਦਾ ਇੰਕਾ ਵਿਧਾਇਕ ਸਾਧੂ ਸਿੰਘ ਧਰਮਸੌਤ ਇਸ ਸਮੇਂ ਕੈਬਨਿਟ ਮੰਤਰੀ ਹੈ ਪਰ ਫਿਰ ਵੀ ਕਾਂਗਰਸ ਦੇ 2 ਸਾਬਕਾ ਪ੍ਰਧਾਨ ਮੰਤਰੀਆਂ ਦੇ ਬੁੱਤਾਂ ਤੇ ਪਾਰਕਾਂ ਦੀ ਦੁਰਦਸ਼ਾ ਦੇਖ ਕੇ ਰੋਣ ਆਉਂਦਾ ਹੈ। 'ਬਾਲ ਦਿਵਸ' ਮੌਕੇ ਪੰਡਿਤ ਨਹਿਰੂ ਦੇ ਜਨਮ-ਦਿਨ 'ਤੇ ਕੋਈ ਵੀ ਕਾਂਗਰਸੀ ਬੁੱਤ ਦੀ ਸਫਾਈ ਕਰਨ ਅਤੇ ਫੁੱਲ ਚੜ੍ਹਾਉਣ ਲਈ ਨਹੀਂ ਆਇਆ ਜੋ ਸ਼ਰਮਨਾਕ ਗੱਲ ਹੈ। ਚਾਰ ਮਹੀਨੇ ਪਹਿਲਾਂ ਈ. ਓ. ਮੋਹਿਤ ਸ਼ਰਮਾ ਨੇ ਕਿਹਾ ਸੀ ਕਿ ਬੁੱਤ ਦੀ ਮੁਰੰਮਤ 3-4 ਦਿਨਾਂ ਵਿਚ ਕਰਵਾ ਦਿਆਂਗੇ ਪਰ ਹੁਣ ਕੌਂਸਲ ਦੇ ਇਕ ਜੇ. ਈ. ਹੇਮੰਤ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਨਹਿਰੂ ਦੇ ਬੁੱਤ ਦੀ ਭੰਨ-ਤੋੜ ਸਬੰਧੀ ਜਾਣਕਾਰੀ ਹੀ ਨਹੀਂ ਹੈ, ਜਿਸ ਕਾਰਨ ਟਕਸਾਲੀ ਇੰਕਾ ਵਰਕਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।
ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਉਪ-ਪ੍ਰਧਾਨ ਜਗਤਾਰ ਸਿੰਘ ਸਾਧੋਹੇੜੀ ਨੇ ਬੁੱਤਾਂ ਤੇ ਪਾਰਕਾਂ ਦੀ ਸੰਭਾਲ ਲਈ ਠੋਸ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ। ਜ਼ਿਲਾ ਕਾਂਗਰਸ ਦੇ ਜਨਰਲ ਸਕੱਤਰ ਸ਼ਾਂਤੀ ਪ੍ਰਕਾਸ਼ ਛਾਬੜਾ ਨੇ ਕਿਹਾ ਕਿ ਰਾਜੀਵ ਗਾਂਧੀ ਪਾਰਕ ਵਿਚ ਗੰਦਗੀ ਡੰਪ ਬਣਾਉਣਾ ਸ਼ਰਮਨਾਕ ਹੈ।


Related News