ਸਕੂਲਾਂ ’ਚ ਪ੍ਰਾਈਵੇਟ ਕੰਪਨੀਆਂ ਨਹੀਂ ਸਪਲਾਈ ਕਰਨਗੀਆਂ ਮਿਡ-ਡੇ ਮੀਲ
Wednesday, Jul 11, 2018 - 05:23 AM (IST)
ਅੰਮ੍ਰਿਤਸਰ,(ਦਲਜੀਤ)- ਪੰਜਾਬ ਦੇ 4 ਸ਼ਹਿਰਾਂ ’ਚ ਸਥਿਤ ਸਰਕਾਰੀ ਸਕੂਲਾਂ ’ਚ ਪ੍ਰਾਈਵੇਟ ਕੰਪਨੀਆਂ ਹੁਣ 15 ਜੁਲਾਈ ਤੋਂ ਬਾਅਦ ਮਿਡ-ਡੇ ਮੀਲ ਸਪਲਾਈ ਨਹੀਂ ਕਰਨਗੀਅਾਂ। ਸਿੱਖਿਆ ਵਿਭਾਗ ਨੇ ਪੰਜਾਬ ਦੇ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਨੂੰ ਹਦਾਇਤ ਜਾਰੀ ਕਰਦਿਆਂ 16 ਜੁਲਾਈ ਤੋਂ ਸਕੂਲਾਂ ’ਚ ਹੀ ਮਿਡ-ਡੇ ਮੀਲ ਤਿਆਰ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਹੁਕਮਾਂ ਦੀ ਪਾਲਣਾ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਤਾਂ ਸਬੰਧਤ ਸਕੂਲ ਮੁਖੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
®ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਜਨਵਰੀ 2014 ਵਿਚ ਅੰਮ੍ਰਿਤਸਰ, ਬਠਿੰਡਾ, ਮੋਹਾਲੀ ਤੇ ਪਟਿਆਲਾ ਦੇ ਸ਼ਹਿਰੀ ਖੇਤਰਾਂ ’ਚ ਸਰਕਾਰੀ ਸਕੂਲਾਂ ਵਿਚ ਬਣਨ ਵਾਲੇ ਮਿਡ-ਡੇ ਮੀਲ ਸਪਲਾਈ ਕਰਨ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਹੋਇਆ ਸੀ। ਕੰਪਨੀਆਂ ਵੱਲੋਂ ਜ਼ਿਲਾ ਪੱਧਰ ’ਤੇ ਆਪੋ-ਆਪਣੀਆਂ ਰਸੋਈਆਂ ਵਿਚ ਇਹ ਖਾਣਾ ਬਣਾ ਕੇ ਸਕੂਲਾਂ ਤੱਕ ਪਹੁੰਚਾਇਆ ਜਾਂਦਾ ਸੀ। ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਪੰਜਾਬ ਵਿਚ ਕੁਝ ਕੰਪਨੀਆਂ ਵੱਲੋਂ ਨਾ ਤਾਂ ਗੁਣਵੱਤਾ ਭਰਪੂਰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਨਾ ਹੀ ਗਰਮ ਖਾਣਾ ਬੱਚਿਆਂ ਤੱਕ ਪਹੁੰਚ ਰਿਹਾ ਹੈ। ਵਿਭਾਗ ਵੱਲੋਂ ਉਕਤ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਪ੍ਰਾਈਵੇਟ ਕੰਪਨੀਆਂ ਵੱਲੋਂ ਖਾਣਾ ਸਪਲਾਈ ਕਰਨ ਤੇ’ ਰੋਕ ਲਾਉਂਦਿਆਂ ਸਕੂਲ ਮੁਖੀਆਂ ਨੂੰ ਆਪਣੇ ਪੱਧਰ ’ਤੇ ਮਿਡ-ਡੇ ਮੀਲ ਤਿਆਰ ਕਰਵਾਉਣ ਦੇ ਹੁਕਮ ਦਿੱਤੇ ਹਨ।
ਕੀ ਕਹਿੰਦੇ ਹਨ ਅਧਿਕਾਰੀ ?
ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਿਸ਼ੂਪਾਲ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਵਿਭਾਗ ਵੱਲੋਂ ਆਏ ਹੁਕਮਾਂ ਸਬੰਧੀ ਜ਼ਿਲੇ ਦੇ ਸਕੂਲ ਮੁਖੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। 16 ਜੁਲਾਈ ਤੋਂ ਸਕੂਲ ਮੁਖੀ ਆਪਣੇ ਪੱਧਰ ’ਤੇ ਮਿਡ-ਡੇ ਮੀਲ ਤਿਆਰ ਕਰਵਾਉਣਗੇ।
