ਕਾਤਲਾਨਾ ਹਮਲਾ ਕਰਨ ਦੇ ਦੋਸ਼ੀ ਨੂੰ 5 ਸਾਲ ਦੀ ਕੈਦ ਤੇ ਜੁਰਮਾਨਾ
Wednesday, Nov 10, 2021 - 02:47 PM (IST)

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਬਿਸ਼ਨ ਸਵਰੂਪ ਦੀ ਅਦਾਲਤ ਨੇ ਕੁਲਵੰਤ ਸਿੰਘ ਵਾਸੀ ਨੂਰਵਾਲਾ ਰੋਡ ਨੂੰ ਕਤਲ ਦੇ ਯਤਨ ਦਾ ਦੋਸ਼ੀ ਪਾਉਂਦੇ ਹੋਏ 5 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਰਮਨਦੀਪ ਕੌਰ ਗਿੱਲ ਨੇ ਦੱਸਿਆ ਕਿ ਮਾਮਲਾ 2 ਜੂਨ, 2015 ਨੂੰ ਕਾਕੋਵਾਲ ਨਿਵਾਸੀ ਗੁਰਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਮੁਦਈ ਧਿਰ ਮੁਤਾਬਕ 1 ਜੂਨ 2015 ਨੂੰ ਦੋਸ਼ੀ ਨੇ ਦੁਕਾਨਾਂ ਖ਼ਾਲੀ ਕਰਵਾਉਣ ਦੇ ਨਾਂ ’ਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਅਤੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਮੁਲਜ਼ਮ ਵੱਲੋਂ ਕੀਤੇ ਗਏ ਹਮਲੇ ’ਚ ਉਹ ਵਾਲ-ਵਾਲ ਬਚੇ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਸ ਉਪਰੰਤ ਉਨ੍ਹਾਂ ਨੂੰ ਸੀ. ਐੱਮ. ਸੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਪੁਲਸ ਨੇ ਸ਼ਿਕਾਇਤਕਰਤਾ ਗੁਰਦੀਪ ਸਿੰਘ ਉਰਫ਼ ਟਿੱਕਾ ਨਿਵਾਸੀ ਹੀਰਾ ਨਗਰ ਦੇ ਬਿਆਨਾਂ ’ਤੇ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਵਿਚ ਮੁਲਜ਼ਮ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਅਤੇ ਰਹਿਮ ਦੀ ਅਪੀਲ ਕੀਤੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸਰਕਾਰੀ ਵਕੀਲ ਰਮਨਦੀਪ ਕੌਰ ਗਿੱਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੁਲਜ਼ਮ ਨੂੰ ਉਕਤ ਸਜ਼ਾ ਸੁਣਾਈ।