ਫਰੀਦਕੋਟ ਜੇਲ੍ਹ ਦਾ ਕੈਦੀ ਇਲਾਜ ਦੌਰਾਨ ਹਸਪਤਾਲ ਤੋਂ ਹੋਇਆ ਫਰਾਰ, ਸੀ.ਸੀ.ਟੀ.ਵੀ 'ਚ ਕੈਦ ਹੋਈਆਂ ਤਸਵੀਰਾਂ
Tuesday, Jul 26, 2022 - 05:33 PM (IST)
ਫਰੀਦਕੋਟ (ਜਗਤਾਰ): ਫਰੀਦਕੋਟ ਦੀ ਮਾਡਰਨ ਜੇਲ੍ਹ 'ਚ ਕਤਲ ਦੇ ਮਾਮਲੇ 'ਚ ਬੰਦ ਕੈਦੀ ਮੈਡੀਕਲ ਹਸਪਤਾਲ 'ਚ ਇਲਾਜ ਦੌਰਾਨ ਪੁਲਸ ਨੂੰ ਚੱਕਮਾਂ ਦੇ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਅੰਗਰੇਜ਼ ਸਿੰਘ ਨਾਮ ਦਾ ਕੈਦੀ ਜਿਸ ਖ਼ਿਲਾਫ਼ ਥਾਣਾ ਜੈਤੋਂ ਵਿਖੇ ਕਤਲ ਦਾ ਮਾਮਲਾ ਦਰਜ ਹੈ ਅਤੇ ਫਰੀਦਕੋਟ ਦੀ ਮਾਡਰਨ ਜੇਲ੍ਹ 'ਚ ਬੰਦ ਸੀ ਨੂੰ ਕੱਲ੍ਹ ਰਾਤ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਥਾਨਕ ਗੁਰੂ ਗੋਬਿਦ ਸਿੰਘ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਉਸਦੀ ਨਿਗਰਾਨੀ ਕਰ ਰਹੇ ਗਾਰਦ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪਾਣੀ ਦੀ ਵਾਰੀ ਨੂੰ ਲੈ ਕੇ ਪਿੰਡ ਰਾਈਆ 'ਚ ਚੱਲੀਆਂ ਗੋਲ਼ੀਆਂ, ਨੌਜਵਾਨ ਕਿਸਾਨ ਦੀ ਮੌਤ
ਗੌਰਤਲਬ ਹੈ ਕੇ ਇਸ ਕੈਦੀ ਦੇ ਭੱਜਣ ਦੀਆਂ ਤਸਵੀਰਾਂ ਹਸਪਤਾਲ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਚ ਕੈਦ ਹੋ ਗਈਆਂ, ਜਿਸ ਵਿਚ ਸਾਫ਼-ਸਾਫ਼ ਨਜ਼ਰ ਆ ਰਹੀਆਂ ਹਨ। ਸੀ.ਸੀ.ਟੀ.ਵੀ 'ਚ ਕੈਦ ਤਸਵੀਰਾਂ ਤੋਂ ਪਤਾ ਲੱਗਾ ਕਿ ਕੈਦੀ ਅੰਗਰੇਜ਼ ਸਿੰਘ ਜਿਸ ਨੂੰ ਕਰੀਬ 11.30 ਵਜੇ ਹਸਪਤਾਲ ਲਿਆਂਦਾ ਗਿਆ ਅਤੇ ਜਿਸ ਨਾਲ 3 ਸੁਰੱਖਿਆ ਕਰਮੀ ਸਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।ਇਸ ਤੋਂ ਠੀਕ ਡੇਢ ਘੰਟੇ ਬਾਅਦ ਕੈਦੀ ਦੇ ਪਰਿਵਾਰ 'ਚੋਂ ਇਕ ਵਿਅਕਤੀ ਅਤੇ ਔਰਤ ਉਸ ਨੂੰ ਮਿਲਣ ਆਉਂਦੇ ਹਨ। ਜਿਸ ਤੋਂ ਬਾਅਜ ਕੈਦੀ 4 ਵਜੇ ਦੇ ਕਰੀਬ ਵਾਰਡ 'ਚੋਂ ਬਾਹਰ ਆ ਕੇ ਹਸਪਤਾਲ ਤੋਂ ਭੱਜ ਜਾਂਦਾ ਹੈ।
ਇਹ ਵੀ ਪੜ੍ਹੋ- ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ
ਜਿਸ ਸਮੇਂ ਕੈਦੀ ਹਸਪਤਾਲ ਤੋਂ ਫਰਾਰ ਹੋਇਆ ਉਸ ਸਮੇਂ ਵਾਰਡ ਜਾਂ ਹਸਪਤਾਲ ਦੇ ਬਾਹਰ ਕੋਈ ਵੀ ਪੁਲਸ ਮੁਲਾਜ਼ਮ ਨਹੀਂ ਸੀ ਅਤੇ ਕੁਝ ਦੇਰ ਬਾਅਦ ਜਦੋਂ ਪੁਲਸ ਵਾਲੇ ਹਸਪਤਾਲ ਅੰਦਰ ਦਾਖ਼ਲ ਹੁੰਦੇ ਹਨ ਤਾਂ ਕੈਦੀ ਅੰਗਰੇਜ਼ ਸਿੰਘ ਨੂੰ ਉੱਥੇ ਨਾ ਦੇਖ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਸਬੰਧੀ ਥਾਣਾ ਮੁਖੀ ਸੰਦੀਪ ਸਿੰਘ ਨੇ ਕਿਹਾ ਕਿ ਅੰਗਰੇਜ਼ ਸਿੰਘ ਜੋ ਪਹਿਲਾਂ ਪੁਲਸ ਮੁਲਾਜ਼ਮ ਰਹਿ ਚੁੱਕਾ ਹੈ ਦੇ ਖ਼ਿਲਾਫ਼ 2020 'ਚ ਥਾਣਾਂ ਜੈਤੋਂ ਵਿਖੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਵੇਲੇ ਤੋਂ ਹੀ ਉਹ ਫਰੀਦਕੋਟ ਦੀ ਮਾਡਰਨ ਜੇਲ੍ਹ ਚ ਬੰਦ ਹੈ। ਉਨ੍ਹਾਂ ਕਿਹਾ ਕਿ ਕੈਦੀ ਨੂੰ ਲੱਭਣ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।