ਜੇਲ ''ਚ ਨੌਜਵਾਨ ਦੀ ਸ਼ੱਕੀ ਹਾਲਾਤ ''ਚ ਮੌਤ
Saturday, Nov 24, 2018 - 01:32 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ/ਪੁਨੀਤ)— ਸ਼ੁੱਕਰਵਾਰ ਦੀ ਸਵੇਰੇ ਜ਼ਿਲਾ ਜੇਲ ਵਿਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਦੋ ਦਿਨ ਪਹਿਲਾਂ ਹੀ ਜੇਲ ਵਿਚ ਲਿਆਂਦਾ ਗਿਆ ਸੀ ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪਿੰਡ ਆਲਮਵਾਲਾ ਨਿਵਾਸੀ ਜਗਸੀਰ ਸਿੰਘ ਉਰਫ਼ ਸੀਰਾ ਪੁੱਤਰ ਸਤਨਾਮ ਸਿੰਘ ਦੇ ਖਿਲਾਫ਼ ਥਾਣਾ ਕਬਰਵਾਲਾ ਪੁਲਸ ਨੇ 29 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਸੀ।
ਪੁਲਸ ਨੇ ਗਸ਼ਤ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ ਸੀ ਜੋ ਕਿ ਪੁਲਸ ਨੂੰ ਦੇਖ ਕੇ ਭੱਜ ਗਿਆ। ਭੱਜਦੇ ਹੋਏ ਉਸ ਦੀ ਜੇਬ ਵਿਚੋਂ ਇਕ ਲਿਫਾਫਾ ਡਿੱਗ ਗਿਆ ਸੀ। ਉਸ ਲਿਫਾਫੇ 'ਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਪੁਲਸ ਵਲੋਂ ਉਸ ਦੀ ਪਛਾਣ ਜਗਸੀਰ ਸਿੰਘ ਉਰਫ਼ ਸੀਰਾ ਨਿਵਾਸੀ ਆਲਮਵਾਲਾ ਦੇ ਤੌਰ 'ਤੇ ਕੀਤੀ ਗਈ ਸੀ। ਚਾਰ ਦਿਨ ਪਹਿਲਾਂ ਹੀ ਪੁਲਸ ਨੇ ਉਸ ਨੂੰ ਕਾਬੂ ਕੀਤਾ ਸੀ ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ 20 ਨਵੰਬਰ ਨੂੰ ਮੁਕਤਸਰ ਜੇਲ ਵਿਚ ਨਿਆਇਕ ਹਿਰਾਸਤ 'ਤੇ ਭੇਜ ਦਿੱਤਾ ਗਿਆ। ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਉਸ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਜਿਸ ਨੂੰ ਜੇਲ ਵਾਲਿਆਂ ਨੇ ਤੁਰੰਤ ਹੀ ਸਿਵਲ ਹਸਪਤਾਲ ਵਿਚ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਉਥੇ ਹੀ ਜਗਸੀਰ ਦੇ ਪਰਿਵਾਰਕ ਮੈਂਬਰਾਂ ਨੇ ਇਹ ਦੋਸ਼ ਲਗਾਇਆ ਹੈ ਕਿ ਪੁਲਸ ਦੀ ਕੁੱਟਮਾਰ ਕਾਰਨ ਹੀ ਜਗਸੀਰ ਦੀ ਮੌਤ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 22 ਨਵੰਬਰ ਨੂੰ ਉਹ ਜਗਸੀਰ ਨਾਲ ਮੁਲਾਕਾਤ ਕਰਨ ਲਈ ਮੁਕਤਸਰ ਜੇਲ ਵਿਚ ਗਏ ਸਨ ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਕਰਵਾਈ ਗਈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਸ ਨੇ ਜਿਸ ਦਿਨ ਜਗਸੀਰ ਨੂੰ ਫੜਿਆ ਸੀ, ਉਸ ਦਿਨ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਮੂੰਹ ਵਿਚ ਮਿੱਟੀ ਵੀ ਪਾਈ ਗਈ। ਇਸ ਕੁੱਟਮਾਰ ਕਾਰਨ ਹੀ ਉਸ ਦੀ ਮੌਤ ਹੋ ਗਈ ਹੈ।