ਪ੍ਰਿੰਸੀਪਲ ਸਣੇ 24 ਅਧਿਆਪਕਾਂ ਦੀ ਘਾਟ ਨੂੰ ਲੈ ਕੇ ਪੰਚਾਇਤਾਂ ਨੇ ਸਕੂਲ ਨੂੰ ਲਾਇਆ ਤਾਲਾ

09/16/2019 2:26:31 PM

ਤਪਾ ਮੰਡੀ (ਸ਼ਾਮ,ਗਰਗ) - ਸੂਬਾ ਸਰਕਾਰ ਵਲੋਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜੋ ਖੋਖਲੇ ਸਿੱਧ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਪਿੰਡ ਢਿਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਮਿਲਦੀ ਹੈ, ਜਿਸ ਦੇ ਗੇਟ ਨੂੰ ਜਿੰਦਰਾ ਲਾ ਕੇ ਪਿੰਡ ਦੀਆਂ ਸਮੂਹ ਪੰਚਾਇਤਾਂ, ਇਨਸਾਫ ਪਸੰਦ ਜੰਥੇਬੰਦੀਆਂ ਅਤੇ ਸਕੂਲ ਵਿਦਿਆਰਥੀਆਂ ਨੇ ਧਰਨਾ ਲਗਾ ਦਿੱਤਾ ਹੈ। ਉਕਤ ਲੋਕਾਂ ਵਲੋਂ ਇਹ ਧਰਨਾ ਹੁੰਮਸ਼ ਭਰੀ ਗਰਮੀ 'ਚ ਅਧਿਆਪਕਾਂ ਅਤੇ ਪ੍ਰਿਸੀਂਪਲ ਦੀ ਪਾਈ ਜਾ ਰਹੀ ਘਾਟ ਨੂੰ ਲੈ ਕੇ ਅਣਮਿੱਥੇ ਸਮੇਂ ਲਗਾਇਆ ਗਿਆ ਹੈ, ਜਿਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ (ਸਿਧੂਪੁਰ) ਦੇ ਜ਼ਿਲਾ ਜਨਰਲ ਸਕੱਤਰ ਰੂਪ ਸਿੰਘ ਢਿਲਵਾਂ, ਭਾਕਿਯੂ (ਡਕੌਂਦਾ) ਦੇ ਬਲਾਕ ਮੀਤ ਪ੍ਰਧਾਨ ਬੂਟਾ ਸਿੰਘ ਬਰਾੜ ਆਦਿ ਨੇ ਕਿਹਾ ਕਿ ਸਕੂਲ 'ਚ ਕਰੀਬ 600 ਵਿਦਿਆਰਥੀਆਂ ਪੜ੍ਹਦੇ ਹਨ, ਜਿਨ੍ਹਾਂ ਨੂੰ ਸਿਰਫ 23 ਅਧਿਆਪਕ ਪੜ੍ਹਾ ਰਹੇ ਹਨ। ਇਸ ਤੋਂ ਇਲਾਵਾ ਸਤੰਬਰ ਮਹੀਨੇ 'ਚ ਸਕੂਲ ਪ੍ਰਿੰਸੀਪਲ ਭੀਮ ਸ਼ੈਨ ਸ਼ਰਮਾ ਦੀ ਬਦਲੀ ਹੋਣ ਕਾਰਨ ਪ੍ਰਿੰਸੀਪਲ ਦੀ ਪੋਸਟ ਵੀ ਖਾਲੀ ਹੋ ਗਈ, ਜਿਸ ਕਾਰਨ ਬਹੁਤ ਸਾਰਿਆਂ ਪਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਅਤੇ ਸਟਾਫ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਭੈੜਾ ਅਸਰ ਪੈ ਰਿਹਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਉਹ ਕਈ ਵਾਰ ਡੀ.ਸੀ. ਬਰਨਾਲਾ, ਜ਼ਿਲਾ ਸਿੱਖਿਆ ਅਫਸਰ ਨੂੰ ਕਹਿ ਚੁੱਕੇ ਹਨ ਪਰ ਕੋਈ ਅਸਰ ਨਹੀਂ ਪਿਆ।

PunjabKesari

ਇਸ ਸੰਬੰਧੀ ਪ੍ਰਿੰਸੀਪਲ ਇੰਚਾਰਜ ਦਲਜੀਤ ਸਿੰਘ ਦਾ ਕਹਿਣਾ ਹੈ ਕਿ 11ਵੀਂ ਅਤੇ 12ਵੀਂ ਜਮਾਤ 'ਚ ਕਰੀਬ 200 ਬੱਚੇ ਪੜ੍ਹਦੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਲਈ 7 ਲੈਕਚਰਾਰਾਂ ਦੀ ਜਰੂਰਤ ਹੈ ਪਰ ਕੋਈ ਵੀ ਲੈਕਚਰਾਰ ਨਾ ਹੋਣ ਕਾਰਨ ਸਿੱਖਿਆ ਵਿਭਾਗ 100 ਫੀਸਦੀ ਨਤੀਜਾ ਮੰਗ ਰਿਹਾ ਹੈ। ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹੋਣ ਕਾਰਨ ਚੰਗਾ ਨਤੀਜਾ ਕਿਥੋਂ ਆਵੇਗਾ? ਧਰਨਾ ਦੇ ਰਹੇ ਸਰਪੰਚ ਲਖਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ, ਗੁਰਜੰਟ ਸਿੰਘ ਸਰਪੰਚ, ਸਰਪੰਚ ਗੁਲਾਬ ਸਿੰਘ, ਚਮਕੋਰ ਸਿੰਘ ਸੁਸਾਇਟੀ ਪ੍ਰਧਾਨ ਆਦਿ ਨੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਕੂਲ 'ਚ ਪ੍ਰਿੰਸੀਪਲ ਅਤੇ ਸਟਾਫ ਦੀ ਘਾਟ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਉਹ ਜ਼ਿਲਾ ਪੱਧਰ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਣਗੇ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੌਕੇ ਧਰਨੇ ਸਥਾਨ 'ਤੇ ਪਹੁੰਚੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਵਿਸ਼ਵਾਸ ਦਿਵਾਇਆ ਕਿ ਹਫਤੇ 'ਚ 3 ਦਿਨ ਬਤੋਰ ਡੈਂਪੂਟੇਸ਼ਨ ਘੁੰਨਸ ਦੇ ਪ੍ਰਿੰਸੀਪਲ ਮੈਡਮ ਨੀਰਜਾ ਬਾਂਸਲ ਢਿਲਵਾਂ ਸਕੂਲ ਦਾ ਕੰਮ ਦੇਖਣਗੇ। ਇਸ ਤੋਂ ਇਲਾਵਾ ਜਿਹੜੇ ਅਧਿਆਪਕ ਬਦਲੀਆਂ ਕਰਵਾ ਕੇ ਹੋਰ ਸਕੂਲਾਂ 'ਚ ਗਏ ਹਨ, ਉਨ੍ਹਾਂ ਨੂੰ ਸਕੂਲ 'ਚ ਮੁੜ ਬੁਲਾ ਲਿਆ ਜਾਵੇਗਾ। ਜ਼ਿਲਾ ਸਿੱਖਿਆ ਅਫਸਰ ਦੇ ਇਸ ਵਿਸ਼ਵਾਸ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ ਹੈ। ਇਸ ਮੌਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਮਹਿਲਾ ਥਾਣੇਦਾਰ ਮੈਡਮ ਬਲਵਿੰਦਰ ਕੌਰ ਦੀ ਅਗਵਾਈ 'ਚ ਪੁਲਸ ਤਾਇਨਾਤ ਸੀ।


rajwinder kaur

Content Editor

Related News