ਵਿਆਹ ਦੇ ਕੁਝ ਦਿਨ ਬਾਅਦ ਨਵ-ਵਿਆਹੁਤਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਮੰਗੀ ਪਤੀ ਲਈ ਫਾਂਸੀ ਦੀ ਸਜ਼ਾ, ਜਾਣੋ ਕੀ ਹੈ ਇਸ ਦੀ ਵਜ੍ਹਾ
Thursday, Aug 03, 2017 - 08:54 PM (IST)

ਅੰਮ੍ਰਿਤਸਰ — ਵਿਆਹ ਕਰ ਕੇ ਆਪਣੇ ਨਵੇਂ ਘਰ 'ਚ ਚੰਗਾ ਪਰਿਵਾਰ ਮਿਲਣ ਦੀ ਇੱਛਾ ਹਰ ਲੜਕੀ ਦੇ ਦਿਲ 'ਚ ਹੁੰਦੀ ਹੈ ਪਰ ਵਿਆਹ ਦੇ ਸੱਤ ਦਿਨਾਂ 'ਚ ਕੋਈ ਲੜਕੀ ਆਪਣੇ ਪਤੀ ਦੇ ਮਰਨ ਦੀ ਦੁਆ ਕਰੇ ਅਜਿਹਾ ਸ਼ਾਇਦ ਹੀ ਕਦੇ ਸੁਣਿਆ ਹੋਵੇ ਪਰ ਇਸ ਨਵ-ਵਿਆਹੁਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਆਪਣੇ ਪਤੀ ਲਈ ਫਾਂਸੀ ਮੰਗੀ ਹੈ।
ਅਸਲ 'ਚ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦੇ ਪਾਸ਼ ਇਲਾਕੇ ਗ੍ਰੀਨ ਐਵਨਿਊ ਦਾ ਹੈ, ਜਿਥੇ ਦੀ 23 ਸਾਲਾ ਲੜਕੀ ਨੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਸ ਨੇ ਕਿਹਾ ਪ੍ਰਧਾਨ ਮੰਤਰੀ ਸਾਹਿਬ, ਮੇਰੇ ਪਤੀ ਨੂੰ ਫਾਂਸੀ ਦੇ ਦਿਓ। ਇਹ ਮੰਗ 7 ਦਿਨ ਪਹਿਲਾਂ ਵਿਆਹੀ ਇਕ ਦੁਲਹਨ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂ ਲਿਖੇ ਪੱਤਰ 'ਚ ਕਰ ਰਹੀ ਹੈ। ਪੱਤਰ 'ਚ ਲਿਖਿਆ ਹੈ ਕਿ ਉਸ ਦਾ ਪਤੀ ਕਿਸੇ ਜਾਨਵਰ ਨਾਲੋ ਘੱਟ ਨਹੀਂ ਹੈ। ਉਸ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ।
ਲੜਕੀ ਨੇ ਲਿਖਿਆ ਕਿ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਸੱਤ ਮਹੀਨੇ ਸਰੀਰਕ ਸੰਬੰਧ ਬਨਾਉਣ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਉਸ ਦੇ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਪੀੜਤ ਨੂੰ ਲੰਬੀ ਲੜਾਈ ਲੜਨੀ ਪਈ ਪਰ ਰਿਜ਼ਲਟ ਇਹ ਹੋਇਆ ਕਿ ਪੁਲਸ ਦੇ ਦਬਾਅ 'ਚ ਪੀੜਤ ਨੂੰ ਉਸੇ ਦੋਸ਼ੀ ਨਾਲ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ।
ਪੀੜਤ ਲੜਕੀ ਦਾ ਕਹਿਣਾ ਹੈ ਕਿ ਦੋਸ਼ੀ ਨੇ ਮੰਦਰ 'ਚ ਵਿਆਹ ਕੀਤਾ ਤੇ ਉਸ ਨੂੰ ਕਿਰਾਏ ਦੇ ਮਕਾਨ 'ਚ ਰੱਖਿਆ ਤੇ ਵਿਆਹ ਦੇ ਸੱਤਵੇਂ ਦਿਨ ਹੀ ਫਰਾਰ ਹੋ ਗਿਆ। ਬਾਅਦ 'ਚ ਪਤਾ ਚਲਿਆ ਕਿ ਇਹ ਉਸ ਦੀ ਚਾਲ ਸੀ ਤਾਂ ਜੋ ਉਹ ਜੇਲ ਜਾਣ ਤੋਂ ਬਚ ਸਕੇ।
ਵਿਆਹ ਬੀਤੀ ਸੱਤ ਜੁਲਾਈ ਨੂੰ ਹੋਇਆ ਸੀ। ਪੀੜਤ ਦੇ ਮੁਤਾਬਕ ਹੁਣ ਸੱਸ-ਸਹੁਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੱਤਰ ਨੂੰ ਬੇਦਖਲ ਕਰ ਰੱਖਿਆ ਹੈ। ਜਦ ਕਿ ਵਿਆਹ 'ਚ ਉਹ ਮੌਜੂਦ ਸਨ ਤੇ ਉਨ੍ਹਾਂ ਨੇ ਸਾਨੂੰ ਆਸ਼ੀਰਵਾਦ ਵੀ ਦਿੱਤਾ ਸੀ। ਪੀੜਤ ਲੜਕੀ ਮੁਤਾਬਕ ਅੰਮ੍ਰਿਤਸਰ ਪੁਲਸ ਵਲੋਂ ਉਸ ਨੂੰ ਅਜੇ ਤਕ ਕੋਈ ਇਨਸਾਫ ਨਹੀਂ ਮਿਲਿਆ ਹੈ।
ਦੱਸ ਦੇਈਏ ਕਿ ਉਕਤ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸੱਤ ਮਹੀਨਿਆਂ ਤਕ ਸਰੀਰਕ ਸੰਬੰਧ ਬਨਾਉਣ ਦੇ ਮਾਮਲੇ 'ਚ ਕੇਸ ਦਰਜ ਕਰਨ ਦੇ ਹੁਕਮ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਦਿੱਤੇ ਸਨ। ਏ. ਸੀ. ਪੀ. ਈਸਟ ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਪੀੜਤ ਲੜਕੀ ਨੂੰ ਇਨਸਾਫ ਦਵਾਇਆ ਜਾਵੇਗਾ। ਮਾਮਲਾ ਮਹਿਲਾ ਥਾਣੇ 'ਚ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਦੇ ਤਹਿਤ ਕਾਰਵਾਈ ਹੋਵੇਗੀ।