ਪੰਜਾਬ ਲਈ ਵੱਡਾ ਮਾਣ, ''ਆਵਾਸ ਯੋਜਨਾ'' ਤਹਿਤ ਮਿਲਿਆ ਤੀਜਾ ਸਥਾਨ

05/28/2019 10:38:21 AM

ਚੰਡੀਗੜ੍ਹ : ਪੰਜਾਬ ਪੇਂਡੂ ਵਿਕਾਸ, ਪੰਚਾਇਤ ਤੇ ਮਕਾਨ ਉਸਾਰੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਥੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਨ) ਤਹਿਤ ਕੌਮੀ ਪੱਧਰ 'ਤੇ ਪੰਜਾਬ ਨੂੰ ਹੋਰਨਾਂ ਸੂਬਿਆਂ 'ਚੋਂ ਤੀਜਾ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਨੂੰ 14,000 ਘਰਾਂ ਦੀ ਉਸਾਰੀ ਦਾ ਜ਼ਿੰਮਾ ਸੌਂਪਿਆ ਗਿਆ ਸੀ, ਜਿਸ 'ਚੋਂ 13,004 ਦੀ ਉਸਾਰੀ ਮੁਕੰਮਲ ਕੀਤੀ ਜਾ ਚੁੱਕੀ ਹੈ, ਜੋ 93 ਫੀਸਦੀ ਬਣਦੀ ਹੈ। ਬਾਕੀ ਬਚੇ ਘਰਾਂ ਦੀ ਉਸਾਰੀ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ। ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਮਹੀਨੇ ਤੱਕ ਸੂਬੇ ਵੱਲੋਂ ਸਿਰਫ਼ 1212 ਘਰਾਂ ਦੀ  ਉਸਾਰੀ ਕੀਤੀ ਗਈ ਸੀ ਅਤੇ ਪੰਜਾਬ ਨੂੰ ਸਾਰੇ ਸੂਬਿਆਂ 'ਚੋਂ 26 ਵਾਂ ਸਥਾਨ ਹਾਸਲ ਹੋਇਆ ਸੀ। ਇਸ ਦੀ ਰੌਸ਼ਨੀ 'ਚ ਪੇਂਡੂ ਵਿਕਾਸ ਵਿਭਾਗ ਦੀ ਸਾਰੀ ਮਸ਼ੀਨਰੀ ਇਸ ਕਾਰਜ 'ਚ ਲਾਈ ਗਈ ਅਤੇ ਇਸ ਯੋਜਨਾ ਨੂੰ ਵੱਡਾ ਹੁਲਾਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 2018 ਦੀ ਰੈਂਕਿਗ ਮੁਕਾਬਲੇ ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੱਚਾ ਹਾਊਸ ਦੀ ਪਰਿਭਾਸ਼ਾ 'ਚ ਢਿੱਲ ਦੇਣ ਲਈ ਇਹ ਮੁੱਦਾ ਕੇਂਦਰ ਕੋਲ ਚੁੱਕਿਆ ਗਿਆ ਸੀ ਤਾਂ ਜੋ ਸੂਬੇ ਵਿਚਲੇ ਗਰੀਬ ਲੋਕਾਂ ਨੂੰ ਇਸ ਯੋਜਨਾ ਅਧੀਨ ਯੋਗ ਬਣਾਇਆ ਜਾ ਸਕੇ। ਅਨੁਰਾਗ ਵਰਮਾ, ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨੇ ਕਿਹਾ ਕਿ ਇਸ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ 1.2 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਨੂੰ 90 ਦਿਨ ਭਾਵ 21,690 ਰੁਪਏ ਦਾ ਕੰਮ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਲਾਭਪਾਤਰੀ ਨੂੰ ਮਨਰੇਗਾ ਅਧੀਨ ਘਰ 'ਚ ਪਖ਼ਾਨੇ ਦੀ ਉਸਾਰੀ ਲਈ 12,000 ਰੁਪਏ ਵੀ ਦਿੱਤੇ ਗਏ ਹਨ। ਇਸ ਤਰ੍ਹਾਂ ਹਰੇਕ ਯੋਗ ਪਰਿਵਾਰ ਨੂੰ 1,53,690 ਰੁਪਏ ਦਾ ਕੁੱਲ ਲਾਭ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਕਰਨ 'ਚ ਪਾਰਦਰਸ਼ਤਾ ਲਿਆਉਣ ਲਈ 'ਆਵਾਸ ਐਪ' ਮੋਬਾਇਲ ਐਪਲੀਕੇਸ਼ਨ ਜ਼ਰੀਏ ਘਰ ਦੀਆਂ ਜੀਓ ਟੈਗਡ ਫੋਟੋਗਾ੍ਰਫਸ ਅਪਲੋਡ ਕੀਤੀਆਂ ਜਾਂਦੀਆਂ ਹਨ। ਇਹ ਕੰਮ ਤਿੰਨ ਪੜਾਵਾਂ ਵਿੱਚ ਕੀਤਾ ਜਾਂਦਾ ਹੈ, ਭਾਵ ਉਸਾਰੀ ਤੋਂ ਪਹਿਲਾਂ, ਲਿੰਟਲ ਲੈਵਲ ਅਤੇ ਕੰਮ ਪੂਰਾ ਹੋਣ 'ਤੇ।


Babita

Content Editor

Related News