ਇੰਜੈਕਸ਼ਨ ਆਕਸੀਟੋਸਿਨ ਦੀ ਵਿਕਰੀ ''ਤੇ ਲੱਗੀ ਰੋਕ

05/01/2018 2:51:24 AM

ਰੂਪਨਗਰ, (ਕੈਲਾਸ਼)- ਤਪਦਿਕ ਦਵਾਈਆਂ ਦੀ ਵਿਕਰੀ ਦਾ ਰਿਕਾਰਡ ਅਤੇ ਸਬੰਧਤ ਜਾਣਕਾਰੀ ਦੀ ਸੂਚਨਾ ਅਧਿਕਾਰੀਆਂ ਨੂੰ ਨਾ ਦੇਣ 'ਤੇ ਦਵਾਈ ਵਿਕਰੇਤਾਵਾਂ ਲਈ ਕੈਦ ਅਤੇ ਜੁਰਮਾਨੇ ਦਾ ਕਾਲਾ ਕਾਨੂੰਨ ਜਿੱਥੇ ਸਾਰੇ ਦਵਾਈ ਵਿਕਰੇਤਾਵਾਂ 'ਚ ਖਲਬਲੀ ਮਚਾ ਰਿਹਾ ਹੈ। ਉਥੇ ਹੁਣ ਟਰਾਮਾਡੋਲ ਸਾਲਟ ਨੂੰ ਐੱਨ.ਡੀ.ਪੀ.ਐੱਸ. ਐਕਟ 'ਚ ਸ਼ਾਮਲ ਕਰਨ 'ਤੇ ਕੈਮਿਸਟਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਰਗਾ ਸਿੱਧ ਹੋ ਰਿਹਾ ਹੈ।
ਦਵਾਈਆਂ ਦੀ ਚੈਕਿੰਗ 'ਤੇ ਕੀਤੀ ਜਾਵੇਗੀ ਸਖਤੀ : ਲੂਥਰਾ
ਜ਼ਿਲਾ ਡਰੱਗਜ਼ ਕੰਟਰੋਲਰ ਅਧਿਕਾਰੀ ਰੂਪਨਗਰ ਬਲਰਾਮ ਲੂਥਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਆਕਸੀਟੋਸਿਨ ਦੀ ਵਿਕਰੀ 'ਤੇ ਰੋਕ ਲਾ ਦਿੱਤੀ ਗਈ ਹੈ। ਆਕਸੀਟੋਸਿਨ ਦੀ ਵਿਕਰੀ ਕਰਨ ਵਾਲੇ ਦਵਾਈ ਵਿਕਰੇਤਾ ਜਾਂ ਹੋਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਜਿਸ 'ਚ ਸਬੰਧਤ ਵਿਅਕਤੀ ਨੂੰ ਕੈਦ ਅਤੇ ਜੁਰਮਾਨਾ ਵੀ ਹੋ ਸਕਦਾ ਹੈ। ਦੂਜੇ ਪਾਸੇ ਟਰਾਮਾਡੋਲ ਦੀ ਵਿਕਰੀ ਦਾ ਰਿਕਾਰਡ ਸਾਰੇ ਦਵਾਈ ਵਿਕਰੇਤਾਵਾਂ ਨੂੰ ਡਰੱਗ ਕਾਨੂੰਨ ਦੇ ਤਹਿਤ ਰੱਖਣਾ ਜ਼ਰੂਰੀ ਹੋਵੇਗਾ। ਟਰਾਮਾਡੋਲ ਤੋਂ ਨਿਰਮਿਤ ਦਵਾਈਆਂ ਨੂੰ ਐੱਨ.ਡੀ.ਪੀ.ਐੱਸ. 'ਚ ਸ਼ਾਮਲ ਕੀਤਾ ਗਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੈਮਿਸਟਾਂ 'ਤੇ ਡਰੱਗਜ਼ ਐਂਡ ਕਾਸਮੈਟਿਕ ਐਕਟ ਅਧੀਨ ਕਾਰਵਾਈ ਕੀਤੀ ਜਾਵੇਗੀ।
ਦਵਾਈ ਵਿਕਰੇਤਾਵਾਂ ਦਾ ਕਾਰੋਬਾਰ ਤਬਾਹ ਕਰਨ 'ਤੇ ਤੁਲੀ ਹੈ ਸਰਕਾਰ : ਚੌਧਰੀ
ਇਸ ਸਬੰਧ 'ਚ ਰੂਪਨਗਰ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਜ਼ਿਲੇ ਦੇ ਸਾਰੇ ਯੂਨਿਟਾਂ ਦੇ ਪਦ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਉਕਤ ਜਾਣਕਾਰੀ ਜ਼ਿਲੇ ਦੇ ਹਰੇਕ ਦਵਾਈ ਵਿਕਰੇਤਾਵਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਰੋਜ਼ਾਨਾ ਨਵੇਂ-ਨਵੇਂ ਕਾਨੂੰਨ ਬਣਾ ਕੇ ਦਵਾਈ ਵਿਕਰੇਤਾਵਾਂ ਦਾ ਕਾਰੋਬਾਰ ਤਬਾਹ ਕਰਨ 'ਤੇ ਤੁਲੀ ਹੈ। ਡਰੱਗ ਵਿਭਾਗ ਵੱਲੋਂ ਸਰਕਾਰ ਦੇ ਨਿਰਦੇਸ਼ਾਂ 'ਤੇ ਪਹਿਲਾਂ ਹੀ ਦਵਾਈ ਵਿਕਰੇਤਾਵਾਂ ਦੇ ਲਾਇਸੈਂਸਾਂ 'ਤੇ ਲਾਲ ਮੋਹਰ ਲਾ ਕੇ ਕਈ ਪ੍ਰਕਾਰ ਦੀਆਂ ਦਵਾਈਆਂ ਦੀ ਖਰੀਦ ਅਤੇ ਵਿਕਰੀ ਬੰਦ ਕੀਤੀ ਜਾ ਚੁੱਕੀ ਹੈ। ਜਿਸ ਦੇ ਬਾਅਦ ਹੁਣ ਦਵਾਈ ਵਿਕਰੇਤਾਵਾਂ 'ਤੇ ਤਪਦਿਕ ਦੀਆਂ ਦਵਾਈਆਂ ਦੀ ਖਰੀਦ ਅਤੇ ਵਿਕਰੀ 'ਤੇ ਰੋਕ ਲਾ ਦਿੱਤੀ ਹੈ। ਪਰ ਹੁਣ ਸਰਕਾਰ ਦੇ ਟਰਾਮਾਡੋਲ ਨੂੰ ਐੱਨ.ਡੀ.ਪੀ.ਐੱਸ. ਐਕਟ 'ਚ ਸ਼ਾਮਲ ਕਰਨ ਅਤੇ ਕੈਮਿਸਟਾਂ ਵੱਲੋਂ ਡਾਕਟਰਾਂ ਦੀ ਪਰਚੀ 'ਤੇ ਵੇਚੀਆਂ ਜਾਣ ਵਾਲੀਆਂ ਉਕਤ ਦਵਾਈਆਂ ਦੇ ਰਿਕਾਰਡ ਰੱਖਣ ਦੀ ਟੇਢੀ ਪ੍ਰਕਿਰਿਆ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਚੌਧਰੀ ਨੇ ਦੱਸਿਆ ਕਿ ਇਸ ਦੇ ਇਲਾਵਾ ਇੰਜੈਕਸ਼ਨ ਆਕਸੀਟੋਸਿਨ ਦੀ ਵਿਕਰੀ 'ਤੇ ਵੀ ਪੂਰਨ ਰੋਕ ਲਾ ਦਿੱਤੀ ਹੈ। ਉਕਤ ਇੰਜੈਕਸ਼ਨ ਮਾਨਵ ਅਤੇ ਪਸ਼ੂਆਂ ਦੇ ਕਈ ਪ੍ਰਕਾਰ ਦੇ ਰੋਗਾਂ ਅਤੇ ਮਹਿਲਾਵਾਂ 'ਚ ਪ੍ਰਸੂਤੀ ਦੇ ਸਮੇਂ ਉਪਯੋਗ 'ਚ ਲਿਆਇਆ ਜਾ ਰਿਹਾ ਸੀ। ਚੌਧਰੀ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਨ ਦੀ ਆੜ 'ਚ ਵੀ ਆਕਸੀਟੋਸਿਨ ਦੇ ਦੁਰਉਪਯੋਗ ਦੇ ਸਮਾਚਾਰ ਮਿਲਦੇ ਰਹੇ ਹਨ। ਇਸ ਸਬੰਧ 'ਚ ਆਰ.ਡੀ.ਸੀ.ਏ. ਦੇ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਉਕਤ ਟਰਾਮਾਡੋਲ ਨੂੰ ਐੱਨ.ਡੀ.ਪੀ.ਐੱਸ. 'ਚ ਸ਼ਾਮਲ ਕਰਨ ਅਤੇ ਆਕਸੀਟੋਸਿਨ 'ਤੇ ਲੱਗੀ ਰੋਕ ਕਾਰਨ ਸਾਰੇ ਦਵਾਈ ਵਿਕਰੇਤਾਵਾਂ ਨੂੰ ਇਸ ਦੀ ਵਿਕਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।


Related News