ਕਾਂਗਰਸੀਆਂ 'ਚ ਸ਼ੁਰੂ ਹੋਈ ਆਪਸੀ ਲੜਾਈ ਖਤਮ ਹੋਣ ਦਾ ਨਹੀਂ ਲੈ ਰਹੀਂ ਨਾਮ

Sunday, Sep 22, 2019 - 11:42 AM (IST)

ਕਾਂਗਰਸੀਆਂ 'ਚ ਸ਼ੁਰੂ ਹੋਈ ਆਪਸੀ ਲੜਾਈ ਖਤਮ ਹੋਣ ਦਾ ਨਹੀਂ ਲੈ ਰਹੀਂ ਨਾਮ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) - ਕਾਂਗਰਸ ਦੇ ਜ਼ਿਲਾ ਕਿਸਾਨ-ਮਜ਼ਦੂਰ ਸੈੱਲ ਦੇ ਚੇਅਰਮੈਨ ਅਤੇ ਸਰਪੰਚ ਪਿੰਡ ਸਦਰਵਾਲਾ ਸ਼ਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਤੇ ਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਵਿਚਾਲੇ ਚੱਲ ਰਿਹਾ ਵਿਵਾਦ ਭੱਖਦਾ ਜਾ ਰਿਹਾ ਹੈ। ਦੋਵਾਂ ਗੁੱਟਾਂ ਵਲੋਂ ਇਕ ਦੂਜੇ 'ਤੇ ਅਕਾਲੀ ਦਲ ਨਾਲ ਮਿਲਣ ਦੇ ਕਥਿਤ ਤੌਰ 'ਤੇ ਦੋਸ਼ ਲਗਾਏ ਜਾ ਰਹੇ ਹਨ ਪਰ ਦੋਸ਼ ਲਗਾਉਣ ਦਾ ਇਹ ਸਿਲਸਿਲਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਣ ਮਗਰੋਂ ਸਾਹਮਣੇ ਆ ਰਿਹਾ ਹੈ। ਬੀਤੇ ਦਿਨੀਂ ਸ਼ਰਨਜੀਤ ਸਿੰਘ ਸੰਧੂ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਮਗਰੋਂ ਨਿੰਦਰ ਸਿੰਘ ਕਾਉਣੀ ਚੇਅਰਮੈਨ ਬਲਾਕ ਸੰਮਤੀ ਵਲੋਂ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਦੇ ਹੋਏ ਨਾ ਸਿਰਫ ਸ਼ਰਨਜੀਤ ਸੰਧੂ 'ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਦੋਸ਼ ਲਗਾਏ ਗਏ, ਸਗੋਂ ਸੋਸ਼ਲ ਮੀਡੀਆ 'ਤੇ ਬਲਾਕ ਸੰਮਤੀ ਮੈਂਬਰ ਰਿੰਕੂ ਨੂੰ ਬੋਲੇ ਗਏ ਅਪਸ਼ਬਦ ਦੇ ਬਦਲੇ ਪੁਲਸ ਨੂੰ ਸ਼ਰਨਜੀਤ ਖਿਲਾਫ ਇਕ ਹੋਰ ਪਰਚਾ ਦਰਜ ਕਰਨ ਦੀ ਅਪੀਲ ਕੀਤੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਰਿੰਦਰ ਕਾਉਣੀ ਨੇ ਕਿਹਾ ਕਿ ਬਲਾਕ ਸੰਮਤੀ ਚੋਣ ਮਗਰੋਂ ਸ਼ਰਨਜੀਤ ਅਤੇ ਰਾਜਾ ਵੜਿੰਗ 'ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਦੋਸ਼ ਲਾਉਣ ਲੱਗੈ। ਜੇਕਰ ਉਸਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਤਾਂ ਉਹ ਪਹਿਲਾਂ ਕਿਉਂ ਇਸ ਬਾਰੇ ਨਹੀਂ ਬੋਲਿਆ। ਜਦਕਿ 2002 'ਚ ਹੋਈ ਸਰਪੰਚੀ ਦੀ ਚੋਣ ਦੌਰਾਨ ਸ਼ਰਨਜੀਤ ਸੰਧੂ ਅਤੇ ਉਸਦੇ ਪਰਿਵਾਰ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਵਿਰੋਧ ਕੀਤਾ ਸੀ। ਇਸੇ ਤਰ੍ਹਾਂ 2008 ਵਿਚ ਜਦੋਂ ਮੈਂਬਰਾਂ ਦੀ ਸਹਿਮਤੀ ਨਾਲ ਸਰਪੰਚ ਬਣਦੇ ਸਨ, ਉਦੋਂ ਇਹ ਸ਼ਰਨਜੀਤ ਸੰਧੂ ਮੌਜੂਦਾ ਅਕਾਲੀ ਵਿਧਾਇਕ ਰੋਜੀ ਬਰਕੰਦੀ ਦੀ ਸਹਾਇਤਾ ਨਾਲ ਪਿੰਡ ਸਦਰਵਾਲਾ ਦਾ ਸਰਪੰਚ ਬਣਿਆ ਸੀ। ਜੇਕਰ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਲਕਾ ਗਿੱਦੜਬਾਹਾ ਜਿੱਥੇ ਪਿਛਲੇ ਕਰੀਬ 50 ਸਾਲਾਂ ਤੋਂ ਅਕਾਲੀ ਦਲ ਦਾ ਰਾਜ ਸੀ, ਉਥੇ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਕਾਂਗਰਸੀ ਵਿਧਾਇਕ ਬਣੇ ਸਨ।

ਇਸੇ ਤਰ੍ਹਾਂ ਬੀਤੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਰਾਜਾ ਵੜਿੰਗ ਨੇ ਅਕਾਲੀ ਦਲ ਨਾਲ ਪੂਰੀ ਲੜਾਈ ਲੜੀ ਸੀ। ਬਾਵਜੂਦ ਇਸਦੇ ਸ਼ਰਨਜੀਤ ਸੰਧੂ ਰਾਜਾ ਵੜਿੰਗ 'ਤੇ ਹੀ ਅਕਾਲੀ ਦਲ ਨਾਲ ਮਿਲੇ ਹੋਣ ਦੇ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਅਨੁਸਾਰ ਸ਼ਰਨਜੀਤ ਸੰਧੂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਬਲਾਕ ਸੰਮਤੀ ਦੀ ਵਾਈਸ ਚੇਅਰਮੈਨ ਦੀ ਸੀਟ ਉਸਦੇ ਉਮੀਦਵਾਰ ਨੂੰ ਨਹੀਂ ਮਿਲੀ। ਬੱਸ ਇਸੇ ਬੌਖਲਾਹਟ ਵਿਚ ਆ ਕੇ ਸੰਧੂ ਰਾਜਾ ਵੜਿੰਗ 'ਤੇ ਦੋਸ਼ 'ਤੇ ਦੋਸ਼ ਲਗਾ ਰਿਹਾ ਹੈ। ਇਹੀ ਨਹੀਂ ਉਹ ਵਟਸਐਪ 'ਤੇ ਵੀ ਬਲਾਕ ਸੰਮਤੀ ਮੈਂਬਰ ਰਿੰਕੂ ਨਾਲ ਇੰਨੀ ਗੰਦੀ ਸ਼ਬਦਾਵਲੀ ਨਾਲ ਪੇਸ਼ ਆ ਰਿਹਾ ਹੈ ਕਿ ਉਸ ਬਾਰੇ ਕਹਿਣਾ ਉਚਿਤ ਨਹੀਂ ਹੈ। ਉਨ੍ਹਾਂ ਅਨੁਸਾਰ ਰਿੰਕੂ ਨੂੰ ਗਲਤ ਸ਼ਬਦ ਕਹਿਣ 'ਤੇ ਉਹ ਪੁਲਸ ਕੋਲ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਕੇ ਸੰਧੂ 'ਤੇ ਇਕ ਹੋਰ ਪਰਚਾ ਦਰਜ ਕਰਵਾਉਣਗੇ। ਉਨ੍ਹਾਂ ਅਨੁਸਾਰ ਇਹ ਸਾਰਾ ਮਾਮਲਾ ਕਾਂਗਰਸ ਹਾਈਕਮਾਂਡ ਦੇ ਧਿਆਨ ਵਿਚ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪਾਰਟੀ ਸੰਧੂ ਖਿਲਾਫ ਐਕਸ਼ਨ ਲੈਂਦੇ ਹੋਏ ਅਨੁਸ਼ਾਸਨ ਅਨੁਸਾਰ ਕਾਰਵਾਈ ਕਰੇਗੀ ਕਿਉਂਕਿ ਜੋ ਜੁਰਮ ਕਰੇਗਾ, ਉਸਨੂੰ ਸਜ਼ਾ ਤਾਂ ਮਿਲਣੀ ਜ਼ਰੂਰੀ ਹੈ। ਇਸ ਮੌਕੇ ਸਿਮਰਜੀਤ ਸਿੰਘ ਭੀਨਾ ਬਰਾੜ, ਗੁਰਬੰਤ ਸਿੰਘ, ਸ਼ਿਵਰਾਜ ਸਿੰਘ, ਮੰਗਾ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਬੋਹੜ ਸਿੰਘ, ਦਰਬਾਰਾ ਸਿੰਘ, ਜਸਕਰਨ ਸਿੰਘ ਲੱਖੇਵਾਲੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਦਿ ਕਾਂਗਰਸ ਵਰਕਰ ਮੌਜੂਦ ਸਨ।


author

rajwinder kaur

Content Editor

Related News