ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਜਾਗ੍ਰਿਤੀ ਯਾਤਰਾ ’ਚ ਪ੍ਰਧਾਨ ਕਾਲਕਾ ਨੇ ਭਰੀ ਹਾਜ਼ਰੀ
Wednesday, Sep 17, 2025 - 08:28 PM (IST)

ਅੰਮ੍ਰਿਤਸਰ, (ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਬਿਹਾਰ ਦੀ ਸਰਕਾਰ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੀ ਜਾ ਰਹੀ ’ਵਿਸ਼ੇਸ਼ ਜਾਗ੍ਰਿਤੀ ਯਾਤਰਾ’ ਵਿਚ ਹਾਜ਼ਰੀ ਭਰਨ ਲਈ ਪਟਨਾ ਪੁੱਜੇ।
ਇਸ ਦੌਰਾਨ ਜਿਥੇ ਹਵਾਈ ਅੱਡੇ ’ਤੇ ਹਰਮੀਤ ਸਿੰਘ ਕਾਲਕਾ ਤੇ ਸਾਥੀਆਂ ਦਾ ਤਖਤ ਪਟਨ ਸਾਹਿਬ ਕਮੇਟੀ ਦੇ ਬੁਲਾਰੇ ਹਰਪਾਲ ਸਿੰਘ ਜੌਹਲ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਦੇ ਸਾਥੀਆਂ ਨੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਉਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਉਨ੍ਹਾਂ ਦੇ ਨਾਲ ਸਨ।
ਇਸ ਉਪਰੰਤ ਹਰਮੀਤ ਸਿੰਘ ਕਾਲਕਾ ਨੇ ਸਾਥੀਆਂ ਸਮੇਤ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪੁੱਜ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮਗਰੋਂ ਗੁਰੂਦੁਆਰਾ ਗੁਰੁ ਕਾ ਬਾਗ ਪਹੁੰਚੇ ਜਿਥੋਂ “ਵਿਸ਼ੇਸ਼ ਜਾਗਰਤੀ ਯਾਤਰਾ“ ਦੀ ਆਰੰਭਤਾ ਹੋਈ।
ਗੁਰਦੁਆਰਾ ਸ੍ਰੀ ਬਾਲ ਲੀਲ੍ਹਾ ਮੈਣੀ ਸੰਗਤ ਸਾਹਿਬ, ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਵੀ ਨਤਮਸਤਕ ਹੋਏ ਜਿਥੇ ਪ੍ਰਬੰਧਕਾਂ ਅਤੇ ਸੰਤ ਬਾਬਾ ਗੁਰਵਿੰਦਰ ਸਿੰਘ, ਸੰਪਰਦਾ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਸ਼ੇਸ਼ ਜਾਗ੍ਰਿਤੀ ਯਾਤਰਾ ਕੱਢਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਯਾਤਰਾ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ’ਤੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਤਿਹਾਸ ਵਿਚ ਇਕੋ ਇਕ ਸ਼ਹਾਦਤ ਹੈ ਜੋ ਦੂਸਰੇ ਧਰਮ ਵਾਸਤੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਹੁਤ ਸਾਰੇ ਸਮਾਗਮ ਰੱਖੇ ਹਨ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਿੱਲੀ ਵਿਚ ਹੋਈ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਦਿੱਲੀ ਵਿਚ ਹੋਇਆ ਜਿਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹਨ ਜਿਨ੍ਹਾਂ ਦੀ ਸੇਵਾ ਦਿੱਲੀ ਗੁਰਦੁਆਰਾ ਕਮੇਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਇਹ ਸਮਾਗਮ ਆਯੋਜਿਤ ਕਰਨ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ ਦੇ ਮੋਢਿਆਂ ’ਤੇ ਹੈ ਅਤੇ ਅਸੀਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ’ਤੇ ਤਿੰਨ ਰੋਜ਼ਾ ਸਮਾਗਮ 23, 24 ਅਤੇ 25 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ’ਤੇ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੱਖਾਂ ਸੰਗਤਾਂ ਵੱਲੋਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਜਿਥੇ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੀਆਂ, ਉਥੇ ਹੀ ਆਨਲਾਈਨ ਵੀ ਵੱਡੀ ਗਿਣਤੀ ’ਚ ਸੰਗਤਾਂ ਨੂੰ ਇਨ੍ਹਾਂ ਯਾਦਗਾਰੀ ਸਮਾਗਮਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ। ਇਸ ਮੌਕੇ ਪ੍ਰਬੰਧਕਾ ਅਤੇ ਸਨਮਾਨਿਤ ਸ਼ਖ਼ਸੀਅਤਾਂ ਨਾਲ ਮਿਲਕੇ ਗੋਬਿੰਦ ਪ੍ਰਕਾਸ਼ ਮੈਗਜ਼ੀਨ ਦਾ ਵਿਮੋਚਨ ਕੀਤਾ।