SAD ਤਾਂ ਹੀ ਪੁਨਰ ਸੁਰਜੀਤ ਹੋ ਸਕਦੈ ਜੇਕਰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚੱਲੀਏ : ਕਾਲਕਾ, ਕਾਹਲੋਂ

Wednesday, Mar 04, 2026 - 04:08 AM (IST)

SAD ਤਾਂ ਹੀ ਪੁਨਰ ਸੁਰਜੀਤ ਹੋ ਸਕਦੈ ਜੇਕਰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚੱਲੀਏ : ਕਾਲਕਾ, ਕਾਹਲੋਂ

ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਹੀ ਪੁਨਰ ਸੁਰਜੀਤ ਹੋ ਸਕਦਾ ਹੈ ਜੇਕਰ ਅਸੀਂ ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ’ਤੇ ਚਲਦਿਆਂ ਪੰਥ ਦੀ ਸੇਵਾ ਕਰੀਏ। ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਦੀ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 106 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਖੀ ਵਾਸਤੇ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਪਰ ਅੱਜ ਅਕਾਲੀ ਦਲ ’ਤੇ ਕਾਬਜ਼ ਪਰਿਵਾਰ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੀ ਵਰਤੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਾਇਆ ਕਿ 70 ਸਾਲਾਂ ਤੋਂ ਕਾਬਜ਼ ਇਹ ਪਰਿਵਾਰ ਹਰ ਉਸ ਵਿਅਕਤੀ ਨੂੰ ਲਾਂਭੇ ਕਰ ਦਿੰਦਾ ਹੈ, ਜੋ ਹੱਕ-ਸੱਚ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਿਚਲੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਤਾਂ ਉਨ੍ਹਾਂ ਨੂੰ ਵੀ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਗਿਆ।

ਪੰਜਾਬ ਵਿਚ ਹੋ ਰਹੇ ਧਰਮ ਪਰਿਵਰਤਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਸਥਾਪਿਤ ‘ਧਰਮ ਪ੍ਰਚਾਰ ਵਿੰਗ ਪੰਜਾਬ’ ਨੇ ਮਿਹਨਤ ਕਰ ਕੇ 2000 ਲੋਕਾਂ ਨੂੰ ਮੁੜ ਗੁਰੂ ਚਰਨਾਂ ਨਾਲ ਜੋੜਿਆ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣੇ ਜਾਣ ’ਤੇ ਖੁਸ਼ੀ ਪ੍ਰਗਟਾਈ ਅਤੇ ਸਾਰਿਆਂ ਨੂੰ ਅਕਾਲੀ ਦਲ ਦੀ ਮਜ਼ਬੂਤੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ।

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਤਿੱਖੀ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਪਰਿਵਾਰ ਦੀ ਅਗਵਾਈ ਹੇਠ ਚੱਲ ਰਹੇ ਅਕਾਲੀ ਦਲ ਨੇ 10 ਸਾਲ ਸੱਤਾ ਵਿਚ ਹੁੰਦਿਆਂ ਕਦੇ ਵਿਧਾਨ ਸਭਾ ਵਿਚ ਮਤਾ ਪਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਗੱਠਜੋੜ ਰਿਹਾ, ਇਹ ਕੇਂਦਰ ਦੀ ਸੱਤਾ ਦਾ ਸੁੱਖ ਹੰਢਾਉਂਦੇ ਰਹੇ ਅਤੇ ਗੱਠਜੋੜ ਟੁੱਟਦਿਆਂ ਹੀ ਇਨ੍ਹਾਂ ਨੂੰ ਬੰਦੀ ਸਿੰਘਾਂ ਦੀ ਯਾਦ ਆ ਗਈ ਹੈ।
 


author

Inder Prajapati

Content Editor

Related News