ਨਾਨਕਸ਼ਾਹੀ ਸੰਮਤ 558 ਦੀ ਆਮਦ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾਣਗੇ ਵਿਸ਼ੇਸ਼ ਗੁਰਮਤਿ ਸਮਾਗਮ

Friday, Mar 13, 2026 - 04:10 AM (IST)

ਨਾਨਕਸ਼ਾਹੀ ਸੰਮਤ 558 ਦੀ ਆਮਦ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾਣਗੇ ਵਿਸ਼ੇਸ਼ ਗੁਰਮਤਿ ਸਮਾਗਮ

ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ (ਸੰਮਤ 558) ਦੀ ਆਮਦ ਨੂੰ ਲੈ ਕੇ ਵੱਡੇ ਪੱਧਰ ’ਤੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਸਮਾਗਮਾਂ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਸਮਾਗਮ ਨਾਨਕਸ਼ਾਹੀ ਸੰਮਤ ਦੇ ਮੁਤਾਬਕ ਨਵਾਂ ਸਾਲ 14 ਮਾਰਚ (1 ਚੇਤ) ਨੂੰ ਆਰੰਭ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਭੋਗ 14 ਮਾਰਚ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਸ ਉਪਰੰਤ ਵਿਸ਼ੇਸ਼ ਗੁਰਮਤਿ ਸਮਾਗਮ ਵੀ ਕਰਵਾਇਆ ਜਾਵੇਗਾ।

ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਧਾਰਮਿਕ ਦੀਵਾਨ ਅਤੇ ਕੀਰਤਨ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਵਿਸ਼ੇਸ਼ ਸਮਾਗਮ ਚੱਲੇਗਾ। ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਹਜ਼ੂਰੀ ਰਾਗੀ ਜੱਥੇ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਇਤਿਹਾਸ ਸਬੰਧੀ ਵਿਚਾਰ ਦੱਸਣਗੇ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਨਗੇ। ਉਨ੍ਹਾਂ ਦੱਸਿਆ ਕਿ 14 ਮਾਰਚ ਅੰਮ੍ਰਿਤ ਵੇਲੇ (ਰਾਤ 12 ਵਜੇ ਤੋਂ ਬਾਅਦ) ਨਵੇਂ ਸਾਲ ਦਾ ਆਗਾਜ਼ ਹੋਵੇਗਾ, ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਨਦਾਰ ਆਤਿਸ਼ਬਾਜ਼ੀ ਕੀਤੀ ਜਾਵੇਗੀ। ਮੈਨੇਜਰ ਧੰਗੇੜਾ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਇਨ੍ਹਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਕਰਨ।

ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਲੰਗਰਾਂ ਦੇ ਮੈਨੇਜਰ ਸਤਿੰਦਰ ਸਿੰਘ ਬਾਜਵਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਗੁਰੂ ਰਾਮਦਾਸ ਜੀ ਦੇ ਲੰਗਰ ਨਾਲ ਸੰਬੰਧਿਤ ਗੈਸ ਸਪਲਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਮਹੱਤਵਪੂਰਨ ਅਪੀਲ ਕੀਤੀ ਹੈ ਕਿ ਇਜਰਾਇਲ ਅਤੇ ਇਰਾਨ ਵਿਚਾਲੇ ਵਧ ਰਹੇ ਤਣਾਅ ਅਤੇ ਸੰਭਾਵਿਤ ਜੰਗੀ ਹਾਲਾਤਾਂ ਦੇ ਮੱਦੇਨਜ਼ਰ ਗੁਰੂ ਘਰ ਦੇ ਲੰਗਰਾਂ ਲਈ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਉਣੀ ਚਾਹੀਦੀ। ਮੈਨੇਜਰ ਧੰਗੇੜਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਲੰਗਰ ਛਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਵੇਲੇ ਤੱਕ ਗੈਸ ਸਿਲੰਡਰਾਂ ਦੀ ਕੋਈ ਘਾਟ ਨਹੀਂ ਆਈ ਹੈ ਅਤੇ ਲੰਗਰ ਦੀ ਸੇਵਾ ਬਿਨਾਂ ਰੁਕਾਵਟ ਦੇ ਜਾਰੀ ਹੈ। ਫਿਰ ਵੀ ਆਉਣ ਵਾਲੇ ਸਮੇਂ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਗੁਰੂ ਰਾਮਦਾਸ ਜੀ ਦੇ ਲੰਗਰਾਂ ਲਈ ਗੈਸ ਦੀ ਸਪਲਾਈ ਨੂੰ ਪਹਿਲ ਦੇ ਆਧਾਰ ’ਤੇ ਜਾਰੀ ਰੱਖਿਆ ਜਾਵੇ। ਧੰਗੇੜਾ ਨੇ ਦੱਸਿਆ ਕਿ ਗੁਰੂ ਘਰ ਦਾ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਅਤੇ ਸੰਗਤਾਂ ਕਿਸੇ ਵੀ ਸਮੇਂ ਆ ਕੇ ਪ੍ਰਸਾਦਾ ਛਕ ਸਕਦੀਆਂ ਹਨ। ਉਨ੍ਹਾਂ ਮੁਤਾਬਕ ਲੰਗਰ ਵਿੱਚ ਵੱਡੇ ਪੱਧਰ ’ਤੇ ਗੈਸ ਪਾਈਪਲਾਈਨ ਰਾਹੀਂ ਕੰਮ ਹੁੰਦਾ ਹੈ, ਜਦਕਿ ਐਮਰਜੈਂਸੀ ਹਾਲਾਤਾਂ ਲਈ ਕਰੀਬ 25 ਤੋਂ 30 ਗੈਸ ਸਿਲੰਡਰ ਹਮੇਸ਼ਾ ਤਿਆਰ ਰੱਖੇ ਜਾਂਦੇ ਹਨ। ਰੋਜ਼ਾਨਾ ਲਗਭਗ 1300 ਯੂਨਿਟ ਗੈਸ ਦੀ ਖਪਤ ਲੰਗਰ ਸੇਵਾ ਲਈ ਹੁੰਦੀ ਹੈ।


author

Inder Prajapati

Content Editor

Related News