ਤੇਜ਼ ਰਫ਼ਤਾਰ ਸਕੌਡਾ ਕਾਰ ਨਾਲ ਵਾਪਰੇ ਹਾਦਸੇ ’ਚ ਪ੍ਰਵਾਸੀ ਦੀ ਮੌਤ
Wednesday, Jul 22, 2026 - 12:03 PM (IST)
ਖਰੜ (ਰਣਬੀਰ) : ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਸਕੂਟਰ ਸਵਾਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੁਲਾਰੇ (40) ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਹਾਰਾਜਗੰਜ ਦਾ ਰਹਿਣ ਵਾਲਾ ਸੀ ਤੇ ਇਸ ਸਮੇਂ ਸਨੀ ਐਨਕਲੇਵ, ਸੈਕਟਰ-125, ਖਰੜ ’ਚ ਰਹਿ ਰਿਹਾ ਸੀ। ਮ੍ਰਿਤਕ ਦੇ ਪੁੱਤਰ ਦੀਪੇਂਦਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੇ ਪਿਤਾ ਪੀ.ਓ.ਪੀ. ਦਾ ਕੰਮ ਕਰਦੇ ਸਨ। ਬੀਤੀ 11 ਜੁਲਾਈ ਨੂੰ ਦੁਪਹਿਰ ਕਰੀਬ 2 ਵਜੇ ਉਸ ਨੇ ਪਿਤਾ ਨੂੰ ਫੋਨ ਕਰਕੇ ਘਰ ਆਉਣ ਬਾਰੇ ਪੁੱਛਿਆ। ਪਿਤਾ ਨੇ ਦੱਸਿਆ ਕਿ ਉਹ ਘਰ ਵਾਪਸ ਆ ਰਹੇ ਹਨ। ਇਸ ’ਤੇ ਦੀਪੇਂਦਰ ਪਿੰਡ ਜੰਡਪੁਰ ਮੋੜ ’ਤੇ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗ ਪਿਆ। ਇਸ ਦੌਰਾਨ ਕਰੀਬ 2:30 ਵਜੇ ਉਸ ਦੇ ਪਿਤਾ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਖਰੜ ਵੱਲੋਂ ਆ ਰਹੇ ਸਨ।
ਜਿਵੇਂ ਹੀ ਉਨ੍ਹਾਂ ਨੇ ਜੰਡਪੁਰ ਮੋੜ ਨੇੜੇ ਆਪਣਾ ਸਕੂਟਰ ਹੌਲੀ ਕੀਤਾ ਤਾਂ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆਈ ਇਕ ਸਕੋਡਾ ਕਾਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੁਲਾਰੇ ਕਾਰ ਦੇ ਸ਼ੀਸ਼ੇ ਨਾਲ ਟਕਰਾਉਣ ਤੋਂ ਬਾਅਦ ਸੜਕ ’ਤੇ ਡਿੱਗ ਪਏ ਤੇ ਉਨ੍ਹਾਂ ਦੇ ਸਿਰ ਸਮੇਤ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ। ਦੀਪੇਂਦਰ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਚਾਲਕ ਕੁਝ ਸਮੇਂ ਲਈ ਮੌਕੇ ’ਤੇ ਰੁਕਿਆ, ਪਰ ਜ਼ਖ਼ਮੀ ਦੀ ਗੰਭੀਰ ਹਾਲਤ ਦੇਖ ਕੇ ਆਪਣੀ ਕਾਰ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਨੂੰ ਪਹਿਲਾਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਜੀ.ਐੱਮ.ਸੀ.ਐੱਚ.-32 ਚੰਡੀਗੜ੍ਹ ਤੇ ਫਿਰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸਦਰ ਖਰੜ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
