ਮੰਤਰੀਆਂ ਤੇ ਮੁੱਖ ਸਕੱਤਰ ਵਿਚਾਲੇ ਟਕਰਾਅ ਨੇ ਖੜ੍ਹਾ ਕੀਤਾ ਸੰਵਿਧਾਨਕ ਸੰਕਟ : ਚੰਦੂਮਾਜਰਾ

Monday, May 11, 2020 - 06:51 PM (IST)

ਪਟਿਆਲਾ (ਬਲਜਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਮੁੱਖ ਸਕੱਤਰ ਵਿਚ ਆਏ ਟਕਰਾਅ ਨੇ ਪੰਜਾਬ ਵਿਚ ਸੰਵਿਧਾਨਕ ਸੰਕਟ ਖੜ੍ਹਾ ਕਰ ਦਿੱਤਾ ਹੈ। ਜਿਸ ਨੂੰ ਦੂਰ ਕਰਨ ਲਈ ਮਾਣਯੋਗ ਰਾਜਪਾਲ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਵੜਿੰਗ ਵੱਲੋਂ ਮੁੱਖ ਸਕੱਤਰ ਤੋਂ ਸਿੱਧੇ ਤੌਰ 'ਤੇ ਬਹੁਤ ਸਾਰੇ ਕਾਰੋਬਾਰਾਂ ਵਿਚ ਅਤੇ ਗੈਰ ਕਾਨੂੰਨੀ ਧੰਦਿਆਂ ਵਿਚ ਸ਼ਮੂਲੀਅਤ ਦੇ ਪੁੱਛੇ ਸਵਾਲ ਨੇ ਪੰਜਾਬ ਸਰਕਾਰ ਦੇ ਖਜ਼ਾਨਾ ਲੁਟਾਉਣ ਕਾਰਨ ਜਗ ਜ਼ਾਹਿਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਗੱਲ ਅੱਜ ਵੜਿੰਗ ਦੇ ਬਿਆਨ ਨੇ ਸਾਬਤ ਕਰ ਦਿੱਤੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਕਿਉਂ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੂੰ ਮੁੱਖ ਸਕੱਤਰ ਤੋਂ ਸਵਾਲ ਪੁੱਛਣ ਦੀ ਥਾਂ ਮੁੱਖ ਮੰਤਰੀ ਸਾਹਿਬ ਤੋਂ ਸਵਾਲ ਪੁੱਛਣੇ ਚਾਹੀਦੇ ਸਨ ਕਿਉਂÎਕਿ ਮੁੱਖ ਸਕੱਤਰ ਤੋਂ ਪੁੱਛੇ ਸਵਾਲ ਇਕ ਤਰ੍ਹਾਂ ਨਾਲ ਮੁੱਖ ਮੰਤਰੀ ਤੋਂ ਜਵਾਬ ਮੰਗ ਰਹੇ ਹਨ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦੂਜੇ ਪਾਸੇ ਸੀਨੀਅਰ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਮੁੱਖ ਮੰਤਰੀ ਤੋਂ ਕਾਂਗਰਸੀ ਵਿਧਾਇਕਾਂ ਅਤੇ ਸੁਨੀਲ ਜਾਖੜ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ ਇਹ ਕਹਿ ਕੇ ਸੱਦਣ ਦੀ ਮੰਗ ਕਰਨੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਜਿਹੜੀਆਂ ਸ਼ਿਕਾਇਤਾਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ ਨੇ ਸਾਬਤ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਨਾ ਤਾਂ ਮੰਤਰੀ ਅਤੇ ਨਾ ਹੀ ਵਿਧਾਇਕ ਖੁਸ਼ ਹਨ। ਰਾਜ ਕੁਮਾਰ ਵੇਰਕਾ ਵੱਲੋਂ ਕੀਤੀ ਮੰਗ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਿਹੜੀ ਸਰਕਾਰ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸਮੱਸਿਆਵਾ ਹੱਲ ਨਹੀਂ ਕਰ ਸਕਦੀ ਤਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਕਿਵੇਂ ਦੂਰ ਕਰ ਸਕਦੀ ਹੈ। 

ਚੰਦੂਮਾਜਰਾ ਨੇ ਕਿਹਾ ਕਿ ਤਾਜ਼ਾ ਘਟਨਾਕ੍ਰਮ ਨੇ ਪੰਜਾਬੀਆਂ ਦੇ ਸਾਹਮਣੇ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਕਿ ਕੋਰੋਨਾ ਵਰਗੀ ਮਹਾਮਾਰੀ ਨਾਲ ਜੰਗ ਲੜਨ ਲਈ ਸਮੁੱਚੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਦਾ ਤਾਲਮੇਲ ਜ਼ਰੂਰੀ ਹੈ ਪਰ ਮੌਜੂਦਾ ਕਾਂਗਰਸ ਸਰਕਾਰ ਦਾ ਤਾਂ ਆਪਣੇ ਮੰਤਰੀ ਸਾਥੀਆਂ ਦੇ ਨਾਲ-ਨਾਲ ਮੰਤਰੀਆਂ ਅਤੇ ਅਫਸਰਾਂ ਵਿਚ ਵੀ ਤਾਲਮੇਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਲਾਤ ਵਿਚ ਸਾਰਾ ਢਾਂਚਾ ਤਹਿਸ-ਨਹਿਸ ਹੋ ਜਾਵੇਗਾ। ਇਸ ਮਾਹੌਲ ਵਿਚ ਕਈ ਸੰਵਿਧਾਨਕ ਸਵਾਲ ਵੀ ਖੜ੍ਹੇ ਹੋ ਗਏ ਹਨ ਕਿ ਦਿਸ਼ਾ ਨਿਰਦੇਸ਼ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਦੇਣਗੇ ਜਾਂ ਫਿਰ ਅਫਸਰਸ਼ਾਹੀ। ਇਸ ਲਈ ਇਸ ਮਾਮਲੇ ਵਿਚ ਅਫਸਰਸ਼ਾਹੀ ਨੂੰ ਤੁਰੰਤ ਇਸ ਵਿਚ ਦਖਲ ਦੇਣਾ ਚਾਹੀਦਾ ਹੈ।


Gurminder Singh

Content Editor

Related News