ਗਰਭਵਤੀ ਜਨਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਖ਼ਾਸ ਸਹੂਲਤ

Sunday, Aug 02, 2020 - 08:49 AM (IST)

ਗਰਭਵਤੀ ਜਨਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਖ਼ਾਸ ਸਹੂਲਤ

ਚੰਡੀਗੜ੍ਹ : ਕੋਰੋਨਾ ਵਾਇਰਸ ਤੋਂ ਗਰਭਵਤੀ ਜਨਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਨੇ ਗਰਭਵਤੀ ਜਨਾਨੀਆਂ ਨੂੰ ਖ਼ਾਸ ਸਹੂਲਤ ਦਿੰਦੇ ਹੋਏ ਟੈਲੀ-ਮੈਡੀਸਨ ਸਲਾਹ-ਮਸ਼ਵਰੇ ਲਈ 70 ਗਾਇਨੀਕਾਲੋਜਿਸਟਸ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਹੈ। ਇਸ ਤੋਂ ਇਲਾਵਾ ਕੋਵਿਡ-19 ਪੀੜਤ ਜਨਾਨੀਆਂ ਦੇ ਜਣੇਪੇ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਵੱਖਰੇ ਲੇਬਰ ਰੂਮ ਸਥਾਪਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੇ ਮਾਪਿਆਂ ਲਈ ਜਗਾਈ ਵੱਡੀ ਆਸ ਦੀ ਕਿਰਨ

ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਗਾਇਨੀਕਾਲੋਜਿਸਟ ਵੱਲੋਂ ਟੈਲੀ-ਮੈਡੀਸਨ ਸਲਾਹ ਦੇ ਨਾਲ-ਨਾਲ ਆਮ ਓ. ਪੀ. ਡੀ. ਸੇਵਾਵਾਂ ਜੋ ਕਿ  ‘ਈ-ਸੰਜੀਵਨੀ’ ਐਪ 'ਤੇ ਉਪਲੱਬਧ ਹਨ, ਨੂੰ ਉਤਸ਼ਾਹਤ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਐਪ ਐਂਡਰਾਇਡ ਮੋਬਾਇਲ ‘ਤੇ ਆਸਾਨੀ ਨਾਲ ਉਪਲੱਬਧ ਹੈ, ਇਸ ਲਈ ਲੈਪਟਾਪ/ਕੰਪਿਊਟਰ ‘ਤੇ ਕੋਈ ਨਿਰਭਰਤਾ ਨਹੀਂ ਹੈ। ਕੋਈ ਵੀ ਵਿਅਕਤੀ ਆਪਣੇ ਮੋਬਾਇਲ ਫੋਨ ਦੀ ਵਰਤੋਂ ਕਰਕੇ ਆਨਲਾਈਨ ਸਿਹਤ ਸਲਾਹ ਦੀਆਂ ਮੁਫ਼ਤ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਚੰਡੀਗੜ੍ਹ ਦੀ 'ਸੁਖਨਾ ਝੀਲ' 'ਤੇ ਐਂਟਰੀ ਬੰਦ, ਰਾਤ ਦਾ ਕਰਫ਼ਿਊ ਰਹੇਗਾ ਜਾਰੀ

ਇਹ ਉਨ੍ਹਾਂ ਗਰਭਵਤੀ ਜਨਾਨੀਆਂ ਲਈ ਇਕ ਵਰਦਾਨ ਸਾਬਤ ਹੋਇਆ ਹੈ, ਜੋ ਕੋਵਿਡ-19 ਦੇ ਡਰ ਕਾਰਨ ਜਨਰਲ ਓ. ਪੀ. ਡੀ. 'ਚ ਜਾਣ ਤੋਂ ਕਤਰਾਉਂਦੀਆਂ ਸਨ, ਹਾਲਾਂਕਿ, ਏ. ਐੱਨ. ਸੀ ਪ੍ਰੋਗਰਾਮ ਦਿਹਾਤੀ ਖੇਤਰਾਂ 'ਚ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਤਾਲਾਬੰਦੀ ਤੋਂ ਬਾਅਦ ਸਾਰੇ ਐਚ. ਡਬਲਯੂ. ਸੀ/ ਐਸ. ਸੀ. 'ਚ ਲਗਾਤਾਰ ਕਾਰਜਸ਼ੀਲ ਰਿਹਾ ਹੈ। ਸਿੱਧੂ ਨੇ ਦੱਸਿਆ ਕਿ ਅਪ੍ਰੈਲ ਤੋਂ ਜੂਨ, 2020 ਤੱਕ ਕੁੱਲ 90,463 ਏ. ਐਨ. ਸੀ. ਰਜਿਸਟਰਡ ਹੋਏ ਅਤੇ ਸੂਬੇ 'ਚ 63,827 ਜਣੇਪੇ ਹੋਏ। ਉਨ੍ਹਾਂ ਅੱਗੇ ਕਿਹਾ ਕਿ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਅਪ੍ਰੈਲ ਤੋਂ ਜੂਨ ਤੱਕ ਕੋਵਿਡ-19 ਲਈ 12,479 ਗਰਭਵਤੀ ਜਨਾਨੀਆਂ ਦਾ ਟੈਸਟ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 118 ਦਾ ਟੈਸਟ ਪਾਜ਼ੇਟਿਵ ਆਇਆ।

ਇਹ ਵੀ ਪੜ੍ਹੋ : ਪੰਜਾਬ ਨੇ ਕੋਰੋਨਾ ਦੇ ਟਾਕਰੇ ਲਈ ਅਪਣਾਈ ਨਵੀਂ ਨੀਤੀ, ਦਿੱਤੀ ਜਾ ਰਹੀ ਵਿਸ਼ੇਸ਼ ਟ੍ਰੇਨਿੰਗ

ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੇ 56 ਜਣੇਪੇ ਸਰਕਾਰੀ ਹਸਪਤਾਲਾਂ 'ਚ ਹੋਏ, ਜਿਨ੍ਹਾਂ 'ਚੋਂ 20 ਆਮ ਅਤੇ 36 ਆਪ੍ਰੇਸ਼ਨ ਰਾਹੀਂ ਸਫ਼ਲਤਾ ਪੂਰਵਕ ਕਰਵਾਏ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਭਰ 'ਚ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੰਤਰੀ ਨੇ ਕਿਹਾ ਕਿ ਜੱਚਾ-ਬੱਚਾ ਸਿਹਤ ਸੰਭਾਲ ਸੇਵਾਵਾਂ ਸੂਬੇ 'ਚ ਨਿਰਵਿਘਨ ਜਾਰੀ ਹਨ ਕਿਉਂਕਿ ਸਾਡੇ ਸਿਹਤ ਸੰਭਾਲ ਅਮਲੇ ਨੇ ਸੁਰੱਖਿਅਤ ਜਣੇਪੇ ਕਰਵਾਏ ਅਤੇ ਗਰਭਵਤੀ ਜਨਾਨੀਆਂ ਨੂੰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ (ਐਂਟੀਨੇਟਲ ਚੈਕਅੱਪ) ਮੁਹੱਈਆ ਕਰਵਾਈ। ਸੂਬੇ ਤੋਂ ਸਾਰੇ ਜ਼ਿਲ੍ਹਿਆਂ 'ਚ ਨਾਨ-ਕੋਵਿਡ  ਜ਼ਰੂਰੀ ਸੇਵਾਵਾਂ ਨੂੰ ਜਾਰੀ ਰੱਖਣ ਸਬੰਧੀ ਰੈਗੂਲਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।


 


author

Babita

Content Editor

Related News