ਇਲਾਜ ਦੌਰਾਨ ਗਰਭਵਤੀ ਦੀ ਮੌਤ, ਪਰਿਵਾਰ ਨੇ ਹਸਪਤਾਲ ’ਤੇ ਲਗਾਏ ਗੰਭੀਰ ਦੋਸ਼

Saturday, Sep 25, 2021 - 02:55 PM (IST)

ਇਲਾਜ ਦੌਰਾਨ ਗਰਭਵਤੀ ਦੀ ਮੌਤ, ਪਰਿਵਾਰ ਨੇ ਹਸਪਤਾਲ ’ਤੇ ਲਗਾਏ ਗੰਭੀਰ ਦੋਸ਼

ਖਮਾਣੋਂ (ਸੰਜੀਵ) : ਖਮਾਣੋਂ ਦੇ ਨਿੱਜੀ ਹਸਪਤਾਲ ’ਚ ਇਕ ਗਰਭਵਤੀ ਜਨਾਨੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਤ ਲਈ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਮ੍ਰਿਤਕ  ਗਰਭਵਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰ ਬਰ ਖ਼ਿਲਾਫ਼ ਪੁਲਸ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਨਾਮ ਰਾਣੀ (29 ) ਹੈ ਜੋ ਨਵਾਂ ਸ਼ਹਿਰ ਦੇ ਵਸਨੀਕ ਰਾਜਨ ਕੁਮਾਰ ਨਾਲ ਵਿਆਹੀ ਹੋਈ ਸੀ। ਜਣੇਪੇ ਕਾਰਨ ਉਹ ਆਪਣੇ ਪੇਕੇ ਘਰ ਵਾਰਡ ਨੰਬਰ ਅੱਠ ਖਮਾਣੋਂ ਵਿਖੇ ਆਈ ਹੋਈ ਸੀ

ਮ੍ਰਿਤਕ ਦੇ ਪਤੀ ਰਾਜਨ ਕੁਮਾਰ ਅਤੇ ਭਰਾ ਮਨੋਜ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇਟ ਵਿਚ ਤਕਲੀਫ਼ ਹੋਣ ’ਤੇ ਰਾਣੀ ਨੂੰ 18 ਸਤੰਬਰ ਨੂੰ ਇਲਾਜ ਲਈ ਮਨਸੁਰਪੁਰ ਰੋਡ ਖਮਾਣੋਂ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਡਾਕਟਰ ਵਲੋਂ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਰੀਜ਼ ’ਚ  ਖੂਨ ਘੱਟ ਹੈ ਅਸੀਂ ਇਲਾਜ ਕਰ ਰਹੇ ਹਾਂ ਸਭ ਠੀਕ ਹੋ ਜਾਵੇਗੀ । ਮ੍ਰਿਤਕ ਦੇ ਭਰਾ ਨੇ ਦੱਸਿਆ ਕਿ  21 ਸਤੰਬਰ ਨੂੰ ਅਚਾਨਕ ਰਾਤ ਕਰੀਬ  12 ਵਜੇ ਡਾਕਟਰ ਨੇ ਸਾਡੇ ਮਰੀਜ਼ ਨੂੰ ਚੰਡੀਗੜ੍ਹ ਲੈ ਕੇ ਜਾਣ ਲਈ  ਕਿਹਾ ਜਦੋਂ ਅਸੀਂ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਨਾਲ ਇਕ ਹੋਰ ਮਹਿਲਾ ਡਾਕਟਰ ਨੇ ਕਿਹਾ ਕਿ ਤੁਸੀਂ ਇਸ ਨੂੰ ਚੰਡੀਗੜ੍ਹ ਲੈ ਜਾਓ ਉਥੇ ਇਹ ਬਿਲਕੁਲ ਠੀਕ ਹੋ ਜਾਵੇਗੀ। ਇਸ ’ਤੇ ਅਸੀਂ ਫੋਨ ਕਰਕੇ ਐਂਬੂਲੈਂਸ ਹੈਲਪਲਾਈਨ 108 ਮੰਗਵਾ ਲਈ। ਐਬੂਲੈਂਸ ਨਾਲ ਆਏ ਕਰਮਚਾਰੀ ਨੇ ਮੇਰੀ ਭੈਣ ਨੂੰ ਦੇਖ ਕੇ ਕਿਹਾ ਕਿ ਇਸ ਦੀ ਤਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਤ ਲਈ ਜਦੋਂ ਫਿਰ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਤੇ ਕਿਹਾ ਤੁਸੀਂ ਇਸਨੂੰ ਇਥੋਂ ਲੈ ਜਾਓ ਤੇ ਅਸੀਂ ਰਾਣੀ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਲੈਕੇ ਗਏ ਜਿੱਥੇ ਸਾਨੂੰ ਮੌਜੂਦ ਸਰਕਾਰੀ ਡਾਕਟਰ ਨੇ ਦੱਸਿਆ ਕਿ ਇਸ ਦੀ ਮੌਤ ਹੋ ਚੁੱਕੀ ਹੈ। ਮਾਮਲੇ ’ਚ ਪਰਿਵਾਰ ਵਲੋਂ ਰਾਣੀ ਦੀ ਮੌਤ ਲਈ ਹਸਪਤਾਲ ਦੀ ਕਥਿਤ ਲਾਪ੍ਰਵਾਹੀ ਸਮਝਦਿਆਂ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਖਮਾਣੋਂ ਵਿਖੇ ਸ਼ਿਕਇਤ ਦਿੱਤੀ ਗਈ ਹੈ।

ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਖਮਾਣੋਂ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ  ਕਿ ਮ੍ਰਿਤਕਾ ਦੇ ਭਰਾ ਮਨੋਜ ਕੁਮਾਰ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਹੈ ਕਿ ਉਸ ਦੀ ਭੈਣ ਅੱਠ ਮਹੀਨੇ ਦੀ ਗਰਭਵਤੀ ਸੀ ਜਿਸ ਦੀ  ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦਾ ਅੱਜ ਸਿਵਲ ਹਸਪਤਾਲ ਖਮਾਣੋਂ ਵਿਖੇ ਪੋਸਟਮਾਰਟਮ ਕਰਵਾਇਆ ਗਿਆ ਹੈ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਬਣਦੀ ਕਾਰਵਾਈ  ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਉਪਰੰਤ ਮ੍ਰਿਤਕਾ ਦੀ ਲਾਸ਼ ਅਤੇ ਪੇਟ ਵਿਚ ਪਲ ਰਹੇ ਬੱਚੇ ਦਾ ਭਰੂਣ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ । ਇਸ ਸੰਬੰਧੀ ਜਦੋਂ ਨਿੱਜੀ ਹਸਪਤਾਲ ਦੇ ਡਾਕਟਰ ਦਾ ਪੱਖ ਲੈਣ ਲਈ ਪੱਤਰਕਾਰ ਹਸਪਤਾਲ ਗਿਆ ਤਾਂ ਡਾਕਟਰ ਹਸਪਤਾਲ ਵਿਚ ਨਹੀਂ ਮਿਲਿਆ। ਸਟਾਫ ਨੇ ਕਿਹਾ ਕਿ ਡਾਕਟਰ ਇਥੇ ਨਹੀਂ ਹੈ ਡਾਕਟਰ ਨੂੰ ਫੋਨ ਕਰਨ ’ਤੇ ਡਾਕਟਰ ਨੇ ਫੋਨ ਨਹੀਂ ਚੁੱਕਿਆ।


author

Gurminder Singh

Content Editor

Related News