ਬਾਜਵਾ ਦਾ ਬਿਆਨ, ਸੂਬਾ ਸਰਕਾਰ ਦੇ ਕਾਰਜਕਾਲ ਦੇ ਅੰਤ ਤੱਕ ਪੰਜਾਬ ਸਿਰ ਹੋਵੇਗਾ ਲੱਖਾਂ-ਕਰੋੜਾਂ ਰੁਪਏ ਕਰਜ਼ੇ ਦਾ ਬੋਝ

Monday, Nov 21, 2022 - 09:00 AM (IST)

ਚੰਡੀਗੜ੍ਹ (ਅਸ਼ਵਨੀ) : ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੂਬੇ ਦੀ ਵਿੱਤੀ ਸਿਹਤ ਨੂੰ ਮੁੜ ਸੁਰਜੀਤ ਕਰਨ ਵਿਚ ਅਸਫ਼ਲ ਰਹਿਣ ਅਤੇ ਸੂਬੇ ’ਤੇ ਕਰਜ਼ੇ ਦੇ ਬੋਝ ਨੂੰ ਵਧਾਉਣ ਲਈ ਫਿਟਕਾਰ ਲਾਈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਕ ਸੂਬੇ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਦੀ ਬਜਾਏ, ਸੂਬੇ ਦੀ ਆਰਥਿਕਤਾ ਨੂੰ ਇੰਨਾ ਨਾਜ਼ੁਕ ਬਣਾ ਦਿੱਤਾ ਹੈ ਕਿ ਉਹ ਸੂਬੇ ਵਿਚ ਜ਼ਰੂਰੀ ਗਤੀਵਿਧੀਆਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਹਰ ਸਮੇਂ ਫ਼ੰਡਾਂ ਦੀ ਭੀਖ ਮੰਗ ਰਹੇ ਹਨ। ਪੰਜਾਬ ਸਰਕਾਰ ਵਲੋਂ ਵਿੱਤੀ ਸਾਲ 2022-23 ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ) ਵਿਚ 14,700 ਕਰੋੜ ਰੁਪਏ ਉਧਾਰ ਲੈਣ ਦੀ ਯੋਜਨਾ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਨੇ ਇਹ ਬਿਆਨ ਦਿੱਤਾ।

ਇਹ ਵੀ ਪੜ੍ਹੋ- ਸੰਗਤ ਮੰਡੀ 'ਚ ਵਾਪਰਿਆ ਦਰਦਨਾਕ ਹਾਦਸਾ : ਮੋਟਰਸਾਈਕਲ ਤੇ ਬੱਸ ਦੀ ਟੱਕਰ, 2 ਵਿਅਕਤੀ ਸੜ ਕੇ ਸੁਆਹ

ਬਾਜਵਾ ਨੇ ਕਿਹਾ ਕਿ ਫਰਵਰੀ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ ਕਿ ਉਹ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਬੰਦ ਕਰ ਦੇਣਗੇ, ਜਿਸ ਦੇ ਨਤੀਜੇ ਵਜੋਂ 20,000 ਕਰੋੜ ਦਾ ਮਾਲੀਆ ਪੈਦਾ ਹੋਵੇਗਾ ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇਗਾ। ਉਸ ਨੇ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਇਸੇ ਤਰ੍ਹਾਂ ਦੇ ਹੋਰ ਦਾਅਵੇ ਵੀ ਕੀਤੇ ਸਨ। ਉਨ੍ਹਾਂ ਦੇ ਸਾਰੇ ਵਾਅਦੇ ਅਤੇ ਗਾਰੰਟੀ ਸਪੱਸ਼ਟ ਤੌਰ ’ਤੇ ਵਿਅਰਥ ਸਾਬਿਤ ਹੋਈ ਹੈ ਅਤੇ ਸਿਰਫ਼ ਅੱਠ ਮਹੀਨਿਆਂ ਦੇ ਅਰਸੇ ਵਿਚ ਸੂਬੇ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ । ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਾਰਜਕਾਲ ਦੇ ਅੰਤ ਤੱਕ ਸੂਬੇ ’ਤੇ 2.65 ਲੱਖ ਕਰੋੜ ਦੇ ਕਰਜ਼ੇ ਦਾ ਬੋਝ ਪਾ ਦੇਵੇਗੀ। ਹੁਣ ਇਹ ਸਾਬਿਤ ਹੋ ਗਿਆ ਹੈ ਕਿ ਕੇਜਰੀਵਾਲ ਅਤੇ ਮਾਨ ਨੇ ਬਦਲਾਅ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ।

ਇਹ ਵੀ ਪੜ੍ਹੋ- ਗੈਂਗਸਟਰ ਰਿੰਦਾ ਦੇ ਸਾਥੀ ਹੈਪੀ ਸੰਘੇੜਾ ਦਾ ਫਰਾਂਸ ’ਚ ਕਤਲ, ਲੰਡਾ ਦੇ ਡਰੋਂ ਇਟਲੀ ਤੋਂ ਭੱਜਿਆ ਸੀ

ਬਾਜਵਾ ਨੇ ਅੱਗੇ ਕਿਹਾ ਕਿ ਸਵੈ-ਪ੍ਰਚਾਰ' ’ਤੇ ਲਾਪ੍ਰਵਾਹੀ ਨਾਲ ਕਰੋੜਾਂ ਰੁਪਏ ਖ਼ਰਚਣ, ਕਾਫ਼ਿਲੇ ਵਿਚ ਹੋਰ ਵਾਹਨ ਸ਼ਾਮਲ ਕਰਨ ਅਤੇ ਚੋਣਾਂ ਵਾਲੇ ਸੂਬੇ ਗੁਜਰਾਤ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਬਜਾਏ, ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੀ ਵਿੱਤੀ ਸਿਹਤ ਦੀ ਬਿਹਤਰੀ ਲਈ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ। ਕਥਿਤ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਘੋਟਾਲੇ ਬਾਰੇ ਬਾਜਵਾ ਨੇ ਕਿਹਾ ਕਿ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਾਰੇ ਉਮੀਦਵਾਰ ਇਸ ਕਥਿਤ ਧੋਖਾਧੜੀ ਵਿਚ ਸ਼ਾਮਲ ਨਹੀਂ ਹਨ। ਇਸ ਲਈ ਇਸ ਪ੍ਰੀਖਿਆ ਦੀ ਤਿਆਰੀ ਲਈ ਰਾਤ-ਰਾਤ ਭਰ ਮਿਹਨਤ ਕਰਨ ਵਾਲੇ ਉਮੀਦਵਾਰਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ। ਇਸੇ ਲਈ ਪੰਜਾਬ ਕਾਂਗਰਸ ਵਲੋਂ ਇਸ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਇਸ ਦੀ ਡੂੰਘਾਈ ਨਾਲ ਜਾਂਚ ਹੋ ਸਕੇ।   

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News