ਨਿਤੀਸ਼ ਵਲੋਂ ਭਾਜਪਾ ਨਾਲ ਹੱਥ ਮਿਲਾਉਣ ਤੋਂ ਨਾਰਾਜ਼ ਪ੍ਰਸ਼ਾਂਤ ਕਿਸ਼ੋਰ ਬਿਹਾਰ ਸਰਕਾਰ ਨੂੰ ਕਹਿਣਗੇ ਅਲਵਿਦਾ!
Wednesday, Aug 02, 2017 - 06:40 AM (IST)
ਜਲੰਧਰ (ਧਵਨ) - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਲਾਲੂ ਪ੍ਰਸਾਦ ਯਾਦਵ ਤੇ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਨਾਲ ਹੱਥ ਮਿਲਾਉਣ ਤੋਂ ਦੁਖੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਆਉਣ ਵਾਲੇ ਦਿਨਾਂ 'ਚ ਨਿਤੀਸ਼ ਕੁਮਾਰ ਦਾ ਸਾਥ ਛੱਡ ਸਕਦੇ ਹਨ। ਪਹਿਲਾਂ ਹੀ ਸ਼ਰਦ ਯਾਦਵ ਨਿਤੀਸ਼ ਕੁਮਾਰ ਦੇ ਫੈਸਲੇ ਤੋਂ ਖੁਸ਼ ਨਹੀਂ ਹੈ। ਬਿਹਾਰ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਮਹਾਗਠਜੋੜ ਨੂੰ ਜਿੱਤ ਦਿਵਾਉਣ 'ਚ ਨਿਤੀਸ਼ ਕੁਮਾਰ ਦੀ ਅਹਿਮ ਭੂਮਿਕਾ ਰਹੀ। ਵਿਧਾਨ ਸਭਾ ਚੋਣਾਂ 'ਚ ਜਿੱਤ ਮਿਲਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਸਲਾਹਕਾਰ ਨਿਯੁਕਤ ਕਰਦਿਆਂ ਉਨ੍ਹਾਂ ਨੂੰ ਕੈਬਨਿਟ ਰੈਂਕ ਪ੍ਰਦਾਨ ਕੀਤਾ ਸੀ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ ਦੀਆਂ 2014 'ਚ ਲੋਕ ਸਭਾ ਚੋਣਾਂ 'ਚ ਰਣਨੀਤੀਕਾਰ ਬਣੇ ਸਨ ਪਰ ਬਾਅਦ 'ਚ ਮੋਦੀ ਤੇ ਭਾਜਪਾ ਦੇ ਨਾਲ ਮਤਭੇਦ ਪੈਦਾ ਹੋ ਜਾਣ ਤੋਂ ਬਾਅਦ ਉਨ੍ਹਾਂ ਨੇ ਮੋਦੀ ਦਾ ਸਾਥ ਛੱਡਦਿਆਂ ਨਿਤੀਸ਼ ਕੁਮਾਰ ਦੀ ਮਦਦ ਕੀਤੀ ਸੀ। ਹੁਣ ਬਿਹਾਰ 'ਚ ਨਿਤੀਸ਼ ਕੁਮਾਰ ਨੇ ਭਾਜਪਾ ਨੂੰ ਆਪਣੇ ਨਾਲ ਮਿਲਾ ਕੇ ਸਰਕਾਰ ਬਣਾਈ ਹੈ। ਇਸ ਲਈ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਪ੍ਰਸ਼ਾਂਤ ਕਿਸ਼ੋਰ ਨਿਤੀਸ਼ ਕੁਮਾਰ ਨਾਲ ਉਨ੍ਹਾਂ ਦੇ ਸਲਾਹਕਾਰ ਵਜੋਂ ਬਣੇ ਰਹਿਣਗੇ।
ਕਿਸ਼ੋਰ ਦੇ ਨੇੜਲਿਆਂ 'ਚ ਚਰਚਾ ਚੱਲ ਰਹੀ ਹੈ ਕਿ ਉਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੇ ਸਲਾਹਕਾਰ ਦੇ ਰੂਪ 'ਚ ਬਣੇ ਰਹਿਣ 'ਚ ਅਸਮਰੱਥਾ ਪ੍ਰਗਟ ਕਰ ਦਿੱਤੀ ਹੈ। ਸਿਆਸੀ ਹਲਕਿਆਂ 'ਚ ਕਿਹਾ ਜਾ ਰਿਹਾ ਹੈ ਕਿ ਕਿਸ਼ੋਰ ਅਸਲ 'ਚ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਤੋਂ ਖੁਸ਼ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਇਸ ਸਮੇਂ ਆਂਧਰਾ ਪ੍ਰਦੇਸ਼ 'ਚ ਹੈ ਅਤੇ ਉਹ ਜਗਨ ਮੋਹਨ ਰੈੱਡੀ ਲਈ ਸਿਆਸੀ ਯੋਜਨਾ ਤਿਆਰ ਕਰ ਰਹੇ ਹਨ। ਪ੍ਰਸ਼ਾਂਤ ਨੇ ਵੀ ਅਜੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ ਪਰ ਅੰਦਰ ਹੀ ਅੰਦਰ ਕੁਝ ਨਾ ਕੁਝ ਖਿਚੜੀ ਜ਼ਰੂਰ ਪਕ ਰਹੀ ਹੈ।
