ਬੇਅਦਬੀ ਮਾਮਲਿਆਂ ਸਬੰਧੀ SIT ਦੇ ਮੁਖੀ ਰਹੇ ਪ੍ਰਬੋਧ ਕੁਮਾਰ ਨੇ ਕੇਂਦਰੀ ਡੈਪੂਟੇਸ਼ਨ ''ਤੇ ਜਾਣ ਦੀ ਮੰਗੀ ਇਜਾਜ਼ਤ
Thursday, Sep 23, 2021 - 02:20 PM (IST)
ਕੁਰਾਲੀ (ਹਰੀਸ਼) : ਕੋਟਕਪੂਰਾ ਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਲਈ ਬਣਾਈ ਗਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ (ਐੱਸ. ਆਈ. ਟੀ.) ਦੇ ਮੁਖੀ ਰਹੇ ਪ੍ਰਬੋਧ ਕੁਮਾਰ ਨੇ ਸਰਕਾਰ ਤੋਂ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਇਜਾਜ਼ਤ ਮੰਗੀ ਹੈ। ਐੱਸ. ਆਈ. ਟੀ. ਦੇ ਮੈਂਬਰ ਰਹੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮਤਭੇਦ ਹੋਣ ਦੇ ਕਾਰਨ ਪ੍ਰਬੋਧ ਕੁਮਾਰ ਨੇ ਐੱਸ. ਆਈ. ਟੀ. ਛੱਡ ਦਿੱਤੀ ਸੀ। ਉਨ੍ਹਾਂ ਦਾ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਇਜਾਜ਼ਤ ਮੰਗਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਸਰਕਾਰ ’ਚ ਮੁੱਖ ਮੰਤਰੀ ਬਦਲ ਚੁੱਕਾ ਹੈ ਤੇ ਹੁਣ ਕਮਾਨ ਚਰਨਜੀਤ ਸਿੰਘ ਚੰਨੀ ਦੇ ਹੱਥ ’ਚ ਆ ਗਈ ਹੈ।
ਨਾਲ ਹੀ ਪ੍ਰਬੋਧ ਕੁਮਾਰ ਦਾ ਵਿਰੋਧ ਕਰਨ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਹੁਣ ਉਪ ਮੁੱਖ ਮੰਤਰੀ ਹਨ, ਜਿਨ੍ਹਾਂ ਨੂੰ ਗ੍ਰਹਿ ਵਿਭਾਗ ਦਿੱਤੇ ਜਾਣ ਦੀ ਗੱਲ ਚੱਲ ਰਹੀ ਹੈ। ਸੂਤਰਾਂ ਦੇ ਮੁਤਾਬਕ ਪ੍ਰਬੋਧ ਕੁਮਾਰ ਕੇਂਦਰੀ ਡੈਪੂਟੇਸ਼ਨ ’ਤੇ ਨੈਸ਼ਨਲ ਕ੍ਰਾਈਮ ਬਿਊਰੋ ’ਚ ਜਾਣ ਦੇ ਚਾਹਵਾਨ ਹਨ। ਜ਼ਿਕਰਯੋਗ ਹੈ ਕਿ 2015 ’ਚ ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਨੂੰ ਮੁੱਦਾ ਬਣਾ ਕੇ ਕਾਂਗਰਸ ਸੱਤਾ ’ਚ ਆਈ ਸੀ। ਪਹਿਲਾਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ’ਚ ਜਾਂਚ ਕਮਿਸ਼ਨ ਗਠਿਤ ਕੀਤਾ ਗਿਆ, ਫਿਰ ਉਨ੍ਹਾਂ ਦੀ ਰਿਪੋਰਟ ’ਤੇ ਪ੍ਰਬੋਧ ਕੁਮਾਰ ਦੀ ਅਗਵਾਈ ’ਚ ਐੱਸ. ਆਈ. ਟੀ. ਬਣਾਈ ਗਈ। ਇਸ ਵਿਚ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸਨ। ਜਾਂਚ ਦਾ ਜ਼ਿਆਦਾਤਰ ਕੰਮ ਕੁੰਵਰ ਕੋਲ ਹੀ ਸੀ। ਉਨ੍ਹਾਂ ਜਿਹੜੀ ਰਿਪੋਰਟ ਤਿਆਰ ਕੀਤੀ, ਉਸ ’ਤੇ ਪ੍ਰਬੋਧ ਕੁਮਾਰ ਸਮੇਤ ਹੋਰ ਜਾਂਚ ਕਰਤਾਵਾਂ ਨੇ ਦਸਤਖ਼ਤ ਨਹੀਂ ਕੀਤੇ। ਪ੍ਰਬੋਧ ਇਸ ਰਿਪੋਰਟ ਤੋਂ ਸਹਿਮਤ ਨਹੀਂ ਸਨ। ਉਨ੍ਹਾਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਸ ਅਸਹਿਮਤੀ ਬਾਰੇ ਪੱਤਰ ਵੀ ਲਿਖਿਆ ਸੀ। ਪੱਤਰ ਜਨਤਕ ਹੋਣ ’ਤੇ ਮਾਮਲਾ ਸੁਰਖੀਆਂ ’ਚ ਆ ਗਿਆ। ਉਨ੍ਹੀਂ ਦਿਨੀਂ ਦਿਨਕਰ ਗੁਪਤਾ ਛੁੱਟੀ ’ਤੇ ਸਨ ਤੇ ਡੀ. ਜੀ. ਪੀ. ਦਾ ਚਾਰਜ ਡੀ. ਜੀ. ਪੀ. ਇੰਟੈਲੀਜੈਂਸ ਵੀ. ਕੇ. ਭਵਰਾ ਕੋਲ ਸੀ, ਇਸ ਲਈ ਉਨ੍ਹਾਂ ਐੱਸ. ਆਈ. ਟੀ. ਦੇ ਸਾਰੇ ਅਧਿਕਾਰੀਆਂ ਨੂੰ ਬਿਠਾ ਕੇ ਗੱਲ ਵੀ ਕੀਤੀ।
ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ ਰਿਪੋਰਟ
ਐੱਸ. ਆਈ. ਟੀ. ਦੀ ਰਿਪੋਰਟ ਨੂੰ ਲੈ ਕੇ ਸਾਬਕਾ ਕੈਪਟਨ ਸਰਕਾਰ ਨੂੰ ਅਸਲੀ ਝਟਕਾ ਮਾਰਚ ’ਚ ਲੱਗਾ, ਜਦੋਂ ਹਾਈਕੋਰਟ ਨੇ ਇਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਨਾਂ ਨਵੀਂ ਐੱਸ. ਆਈ. ਟੀ. ਬਣਾਉਣ ਦੇ ਹੁਕਮ ਦਿੱਤੇ। ਹਾਈਕੋਰਟ ਦੇ ਇਨ੍ਹਾਂ ਹੁਕਮਾਂ ਨਾਲ ਸਾਬਕਾ ਕੈਪਟਨ ਸਰਕਾਰ ’ਚ ਬਗਾਵਤ ਸ਼ੁਰੂ ਹੋ ਗਈ, ਜਿਸ ਦੀ ਅਗਵਾਈ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤੀ। ਰੰਧਾਵਾ ਤਾਂ ਮੁੱਖ ਮੰਤਰੀ ਤੋਂ ਲਗਾਤਾਰ ਪ੍ਰਬੋਧ ਕੁਮਾਰ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਰਹੇ। ਇੱਥੋਂ ਤਕ ਕਿ ਇਕ ਕੈਬਨਿਟ ਦੀ ਮੀਟਿੰਗ ’ਚ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਰੰਧਾਵਾ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ, ਉਦੋਂ ਵੀ ਰੰਧਾਵਾ ਨੇ ਇਹ ਮੁੱਦਾ ਚੁੱਕਦੇ ਹੋਏ ਕਿਹਾ ਸੀ ਕਿ ਪ੍ਰਬੋਧ ਕੁਮਾਰ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਾਰਨ ਹੀ ਐੱਸ. ਆਈ. ਟੀ. ਦੀ ਰਿਪੋਰਟ ਕਮਜ਼ੋਰ ਹੋਈ ਹੈ। ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਪਹਿਲਾਂ ਹੀ ਪੁਲਸ ਸੇਵਾ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਚੁੱਕੇ ਹਨ।