ਪੰਜਾਬ ਦੇ ਲੋਕਾਂ ਨੂੰ ਲੱਗ ਸਕਦੈ ਝਟਕਾ, ਬਿਜਲੀ ਮਹਿੰਗੀ ਕਰਨ ਦੀ ਤਿਆਰੀ ’ਚ ਪਾਵਰਕਾਮ

Tuesday, Dec 20, 2022 - 06:39 PM (IST)

ਪੰਜਾਬ ਦੇ ਲੋਕਾਂ ਨੂੰ ਲੱਗ ਸਕਦੈ ਝਟਕਾ, ਬਿਜਲੀ ਮਹਿੰਗੀ ਕਰਨ ਦੀ ਤਿਆਰੀ ’ਚ ਪਾਵਰਕਾਮ

ਪਟਿਆਲਾ : ਪੰਜਾਬ ਵਿਚ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਦਰਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ, ਅਜਿਹਾ ਇਸ ਲਈ ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੇ ਅਗਲੇ ਵਿੱਤੀ ਵਰ੍ਹੇ 2023-04 ਲਈ ਬਿਜਲੀ ਬਿੱਲ ਦਰਾਂ ਵਿਚ ਵਾਧਾ ਕਰਨ ਦੀ ਮੰਗ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਅਥਾਰਿਟੀ ਕੋਲ ਰੱਖੀ ਹੈ। ਖਰਚੇ ਅਤੇ ਆਮਦਨ ਵਿਚ ਲਗਭਗ 4000 ਕਰੋੜ ਰੁਪਏ ਦਾ ਗੈਪ ਪੂਰਾ ਕਰਨ ਲਈ ਹੀ ਅਜਿਹਾ ਕਰਨ ਦੀ ਮੰਗ ਕੀਤੀ ਗਈ ਹੈ। ਦਰਅਸਲ ਬੀਤੇ ਮਹੀਨਿਆਂ ਦੇ ਦੌਰਾਨ ਕੋਲਾ ਖਰੀਦ ’ਤੇ ਵਧੇਰੇ ਖਰਚ ਅਤੇ ਦੂਜਾ ਬਿਜਲੀ ਕੰਪਨੀਆਂ ਤੋਂ ਮਹਿੰਗੇ ਭਾਅ ’ਤੇ ਬਿਜਲੀ ਖਰੀਦਣ ਕਾਰਣ ਖਰਚ ਅਤੇ ਆਮਦਨ ਵਿਚ ਵੱਡਾ ਗੈਪ ਪਿਆ ਮੰਨਿਆ ਜਾ ਰਿਹਾ ਹੈ। ਪਾਵਰਕਾਮ ਜਾਣਕਾਰ ਕਹਿੰਦੇ ਹਨ ਕਿ ਉਕਤ ਵਿੱਤੀ ਗੈਪ ਪੂਰਾ ਕਰਨ ਲਈ ਬਿਜਲੀ ਕਿਰਾਇਆ ਦਰਾਂ ਵਿਚ 70 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨਾ ਹੋਵੇਗਾ। ਬਿਜਲੀ ਕਿਰਾਇਆ ਦਰਾਂ ਸੰਬੰਧੀ ਪਾਵਰਕਾਮ ਦੇ ਪਿਛਲੇ ਟੈਰਿਫ ਆਰਡਰ ਵਿਚ ਦੱਸਿਆ ਸੀ ਕਿ ਸਾਰੇ ਉਪਭੋਗਤਾ ਵਰਗਾਂ ਨੂੰ ਮਿਲਾ ਕੇ ਕੁੱਲ 36 ਹਜ਼ਾਰ 150 ਕਰੋੜ ਰੁਪਏ ਦੀ ਬਿਜਲੀ ਸਪਲਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪਟਿਆਲਾ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਸਵੇਰੇ ਖੇਤਾਂ ’ਚ ਗਏ ਕਿਸਾਨ ਦੇ ਖੂਨ ਦੀਆਂ ਧਾਰਾਂ ਦੇਖ ਉੱਡੇ ਹੋਸ਼

ਇਸ ਦੇ ਨਾਲ ਹੀ ਉਕਤ ਟੈਰਿਫ ਆਰਡਰ ਵਿਚ ਅਨੁਮਾਨ ਲਗਾਇਆ ਗਿਆ ਸੀ ਕਿ ਇਸ ਦੇ ਉਲਟ ਜਿੱਥੇ ਖੇਤੀਬਾੜੀ ਸੈਕਟਰ ਨੂੰ ਬਿਜਲੀ ਸਪਲਾਈ ਤੋਂ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਮਿਲਣਗੇ। ਉਥੇ ਹੀ ਇਸ ਸੈਕਟਰ ਦੇ ਵਧੇਰੇ ਹੋਰ ਸਾਰੇ ਵਰਗਾਂ ਤੋਂ ਲਗਭਗ 29 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਮਿਲੇਗਾ। ਇਥੇ ਦੱਸਣਯੋਗ ਹੈ ਕਿ ਖੇਤੀਬਾੜੀ ਸੈਕਟਰ ਤੋਂ ਬਿਜਲੀ ਬਿੱਲਾਂ ਦੀ ਵਸੂਲੀ ਨਹੀਂ ਕੀਤੀ ਜਾਂਦੀ ਅਤੇ ਇਸ ਦੇ ਬਦਲੇ ਵਿਚ ਸੂਬਾ ਸਰਕਾਰ ਬਣਦੀ ਸਬਸਿਡੀ ਦਾ ਭੁਗਤਾਨ ਪਾਵਰਕਾਮ ਨੂੰ ਕਰਦੀ ਹੈ। ਅਧਿਕਾਰੀਆਂ ਮੁਤਾਬਕ ਆਮਦਨ ਅਤੇ ਖਰਚ ਵਿਚ ਗੈਪ ਪਿਛਲੇ ਸਾਲ ਦੌਰਾਨ ਲਗਭਗ 10 ਹਜ਼ਾਰ ਕਰੋੜ ਰੁਪਏ ਰਿਹਾ ਹੈ। ਇਸ ਤਰ੍ਹਾਂ ਇਹ ਗੈਪ ਵੱਧ ਕੇ ਲਗਭਗ 14 ਹਜ਼ਾਰ ਕਰੋੜ ਰੁਪਏ ਹੋ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜੇ ਬਿਜਲੀ ਦਰਾਂ ਵਿਚ ਵਾਧਾ ਹੁੰਦਾ ਹੈ ਤਾਂ ਉਸ ਦਾ ਸਭ ਤੋਂ ਵੱਧ ਅਸਰ ਉਦਯੋਗਿਕ ਸੈਕਟਰ ’ਤੇ ਪਵੇਗਾ। ਪਾਵਰਕਾਮ ਸੂਤਰਾਂ ਮੁਤਾਬਕ ਉਦਯੋਗਾਂ ਨੂੰ ਮੌਜੂਦਾ ਸਮੇਂ ਵਿਚ ਪੰਜ ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮੁਹੱਈਆ ਕਰਵਾਈ ਜਾਂਦੀ ਹੈ। ਹੁਣ ਇਨ੍ਹਾਂ ਦਰਾਂ ਨੂੰ ਵਧਾ ਕੇ ਸਾਢੇ ਪੰਜ ਰੁਪਏ ਕੀਤਾ ਜਾ ਸਕਦਾ ਹੈ। ਜਿਸ ਨਾਲ ਉਦਯੋਗਿਕ ਸੈਕਟਰ ’ਤੇ ਇਸ ਦਾ ਅਸਰ ਪੈਣਾ ਸੁਭਾਵਕ ਹੈ। 

ਇਹ ਵੀ ਪੜ੍ਹੋ : ਗੈਂਗਸਟਰ ਅਰਸ਼ ਡੱਲਾ ਦੀ ਧਮਕੀ, ਚਾਰ ਦਿਨਾਂ ’ਚ ਗੋਲ਼ੀਆਂ ਨਾਲ ਭੁੰਨਾਂਗਾ, ਖ਼ੌਫ ਕਾਰਣ ਘਰ ’ਚ ਬੰਦ ਹੋਇਆ ਪਰਿਵਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News