ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ 110 ਖਪਤਕਾਰਾਂ ਨੂੰ ਕੀਤਾ 40.04 ਲੱਖ ਰੁਪਏ ਜੁਰਮਾਨਾ
Friday, Jun 30, 2023 - 09:03 AM (IST)
ਪਟਿਆਲਾ (ਜੋਸਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪੰਜਾਬ ’ਚ ਬਿਜਲੀ ਚੋਰੀ ਵਿਰੁੱਧ ਚਲਾਈ ਜਾ ਰਹੀ ਜ਼ੋਰਦਾਰ ਮੁਹਿੰਮ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਹ ਦਾ ਪ੍ਰਗਟਾਵਾ ਅੱਜ ਇਥੇ ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਨੇ ਕੀਤਾ। ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਰਕਲਾਂ ਦੀਆਂ ਪੀ. ਐੱਸ. ਪੀ. ਸੀ. ਐੱਲ. ਇਨਫੋਰਸਮੈਂਟ ਟੀਮਾਂ ਨਾਲ ਪੁਲਸ ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ 1191 ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਹੈ। ਪਿਛਲੇ 2 ਦਿਨਾਂ ’ਚ 110 ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਲਈ 40.04 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਬਠਿੰਡਾ ਸਰਕਲ ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਝੋਕ, ਹਰੀ ਹਰ, ਸ੍ਰੀ ਮੁਕਤਸਰ ਸਾਹਿਬ (ਸਿਟੀ) ਦੇ 169 ਖਪਤਕਾਰਾਂ ਦੇ ਅਹਾਤਿਆਂ ਦੇ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਅਤੇ 20 ਖਪਤਕਾਰਾਂ ਨੂੰ 8.40 ਲੱਖ ਰੁਪਏ ਜੁਰਮਾਨਾ ਕੀਤਾ ਹੈ।
ਪੀ. ਐੱਸ. ਪੀ. ਸੀ. ਐੱਲ. ਦੇ ਬੁਲਾਰੇ ਨੇ ਇਹ ਵੀ ਦੱਸਿਆ ਕਿ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਲੁਧਿਆਣਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਜਨਤਾ ਨਗਰ ਯੂਨਿਟ ਨੰਬਰ 3, ਲੁਧਿਆਣਾ ਸਬ-ਡਵੀਜ਼ਨ ਦੇ 131 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਅਤੇ ਹੋਰ ਉਲੰਘਣਾ ਕਰਨ ਵਾਲੇ 8 ਖਪਤਕਾਰਾਂ ਨੂੰ 8.28 ਲੱਖ ਰੁਪਏ ਦੇ ਜੁਰਮਾਨੇ ਕੀਤੇ। ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਧੂਰੀ (ਦਿਹਾਤੀ), ਮਾਲੇਰਕੋਟਲਾ (ਸਿਟੀ 2) ਸ਼ਹਿਣਾ, ਰੰਗੀਆਂ, ਤਪਾ 1, ਤਪਾ 2, ਧੂਆਂਵਾਲਾ 2 ਟੈੱਕ 1 ਮੋਹਾਲੀ ਸਬ-ਡਵੀਜ਼ਨ ਦੇ 510 ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕਰ ਕੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 9.11 ਲੱਖ ਰੁਪਏ ਜ਼ੁਰਮਾਨਾ ਕੀਤਾ। ਜਲੰਧਰ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਸ਼ਾਹਕੋਟ ਅਤੇ ਮਲਸੀਆਂ ਦੇ 126 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ 21 ਖਪਤਕਾਰਾਂ ਨੂੰ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਲਈ 9.47 ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਦੋਂ ਕਿ ਅੰਮ੍ਰਿਤਸਰ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਇਸਲਾਮਾਬਾਦ ਅਤੇ ਮਾਡਲ ਟਾਊਨ ਬਟਾਲਾ ਸਬ-ਡਵੀਜ਼ਨ ਦੇ 255 ਖਪਤਕਾਰਾਂ ਦੇ ਘਰਾਂ ’ਚ ਛਾਪੇਮਾਰੀ ਕਰ ਕੇ 13 ਖਪਤਕਾਰਾਂ ਨੂੰ 4.78 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।