ਬਿਜਲੀ ਚੋਰੀ: ਘਰਾਂ ’ਚ ਖੁੱਲ੍ਹੀਆਂ 115 ਦੁਕਾਨਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ, ਲੱਗਾ 6.70 ਲੱਖ ਜੁਰਮਾਨਾ

Friday, Apr 15, 2022 - 04:10 PM (IST)

ਬਿਜਲੀ ਚੋਰੀ: ਘਰਾਂ ’ਚ ਖੁੱਲ੍ਹੀਆਂ 115 ਦੁਕਾਨਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ, ਲੱਗਾ 6.70 ਲੱਖ ਜੁਰਮਾਨਾ

ਜਲੰਧਰ (ਪੁਨੀਤ)– ਪਾਵਰਕਾਮ ਵੱਲੋਂ ਬਿਜਲੀ ਚੋਰੀ ਦੇ ਕੇਸ ਫੜਨ ਲਈ ਸਵੇਰੇ ਤੜਕਸਾਰ ਕਾਰਵਾਈ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਇਸ ਲੜੀ ਵਿਚ 12 ਟੀਮਾਂ ਗਠਿਤ ਕੀਤੀਆਂ ਗਈਆਂ। ਐਨਫੋਰਸਮੈਂਟ ਵੱਲੋਂ 4-4 ਕਰਮਚਾਰੀਆਂ ਦੀਆਂ ਬਣਾਈਆਂ ਇਨ੍ਹਾਂ ਟੀਮਾਂ ਵੱਲੋਂ ਰੋਜ਼ਾਨਾ ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਬੀਤੇ ਦਿਨ ਤੋਂ ਸ਼ੁਰੂ ਹੋਈ ਦੁਕਾਨਾਂ ਦੇ ਕੁਨੈਕਸ਼ਨਾਂ ਦੀ ਚੈਕਿੰਗ ਦੌਰਾਨ ਬੀਤੇ ਦਿਨ 17 ਕੇਸ ਫੜੇ ਗਏ, ਜਿਨ੍ਹਾਂ ਨੂੰ 6.70 ਲੱਖ ਰੁਪਏ ਜੁਰਮਾਨਾ ਕੀਤਾ ਗਿਆ। 225 ਦੇ ਲਗਭਗ ਕੁਨੈਕਸ਼ਨਾਂ ਦੀ ਚੈਕਿੰਗ ਹੋਈ, ਜਿਨ੍ਹਾਂ ਵਿਚ 115 ਦੇ ਲਗਭਗ ਦੁਕਾਨਾਂ ਦੇ ਸਨ। ਇਸ ਚੈਕਿੰਗ ਵਿਚ 12 ਅਜਿਹੇ ਕੇਸ ਫੜੇ ਗਏ, ਜਿਹੜੇ ਕਿ ਘਰੇਲੂ ਬਿਜਲੀ ਦੀ ਦੁਕਾਨਾਂ ਵਿਚ ਵਰਤੋਂ ਕਰ ਰਹੇ ਸਨ, ਜਦੋਂ ਕਿ 5 ਕੇਸ ਬਿਜਲੀ ਚੋਰੀ ਦੇ ਫੜੇ ਗਏ। ਸ਼ੱਕ ਦੇ ਆਧਾਰ ’ਤੇ ਕਈ ਮੀਟਰ ਪੈਕ ਕਰ ਕੇ ਲੈਬ ਵਿਚ ਚੈਕਿੰਗ ਲਈ ਭੇਜੇ ਗਏ, ਜਿਨ੍ਹਾਂ ਦੀ ਆਉਣ ਵਾਲੇ ਦਿਨਾਂ ਵਿਚ ਰਿਪੋਰਟ ਆਵੇਗੀ। ਚੋਰੀ ਦੇ ਕੇਸਾਂ ’ਤੇ ਅਗਲੀ ਕਾਰਵਾਈ ਲਈ ਪਾਵਰਕਾਮ ਦੇ ਐਂਟੀ ਥੈਫਟ ਪੁਲਸ ਸਟੇਸ਼ਨ ਨੂੰ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ

ਐਨਫੋਰਸਮੈਂਟ ਡਿਪਟੀ ਚੀਫ ਇੰਜੀਨੀਅਰ ਰਜਤ ਸ਼ਰਮਾ ਵੱਲੋਂ ਗਠਿਤ ਉਕਤ ਟੀਮਾਂ ਵੱਲੋਂ ਸ਼ਹਿਰ ਦੀ ਬਾਊਂਡਰੀ ਵਾਲੇ ਇਲਾਕਿਆਂ ਵਿਚ ਚੈਕਿੰਗ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੁਹੱਲਿਆਂ ਵਿਚ ਘਰਾਂ ਦੇ ਅੰਦਰ ਖੁੱਲ੍ਹੀਆਂ ਹੋਈਆਂ ਦੁਕਾਨਾਂ ਵੱਲੋਂ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ। ਵੱਡੇ ਪੱਧਰ ’ਤੇ ਅਜਿਹੀਆਂ ਦੁਕਾਨਾਂ ਹਨ, ਜਿਨ੍ਹਾਂ ਕੋਲ ਕਮਰਸ਼ੀਅਲ ਕੁਨੈਕਸ਼ਨ ਨਹੀਂ ਹਨ। ਉਕਤ ਲੋਕ ਘਰਾਂ ਦੀ ਬਿਜਲੀ ਦੀ ਵਰਤੋਂ ਕਰ ਰਹੇ ਹਨ, ਜੋਕਿ ਗਲਤ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਜੁਰਮਾਨੇ ਕਰਨ ਦਾ ਨਹੀਂ। ਜਿਹੜੇ ਲੋਕ ਕਾਰਵਾਈ ਤੋਂ ਬਚਣਾ ਚਾਹੁੰਦੇ ਹਨ, ਉਹ ਤੁਰੰਤ ਨਵਾਂ ਕਮਰਸ਼ੀਅਲ ਕੁਨੈਕਸ਼ਨ ਅਪਲਾਈ ਕਰਨ ਅਤੇ ਜਿਹੜੀ ਟੀਮ ਆਉਂਦੀ ਹੈ, ਉਸ ਨੂੰ ਰਸੀਦ ਦਿਖਾ ਦੇਣ। ਨਵਾਂ ਮੀਟਰ ਲੱਗਣ ਵਿਚ 2-3 ਦਿਨ ਦਾ ਸਮਾਂ ਲੱਗਦਾ ਹੈ। ਇੰਨੇ ਦਿਨ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਵੇਗੀ। ਜਿਹੜੇ ਲੋਕ ਮੀਟਰ ਅਪਲਾਈ ਨਹੀਂ ਕਰਨਗੇ, ਉਨ੍ਹਾਂ ਨੂੰ ਪੂਰੇ ਸਾਲ ਦਾ ਜੁਰਮਾਨਾ ਲੱਗੇਗਾ।

ਇਹ ਵੀ ਪੜ੍ਹੋ: ‘ਆਪ’ ਦੀ 300 ਯੂਨਿਟ ਬਿਜਲੀ ਫ੍ਰੀ ਯੋਜਨਾ ਨਾਲ ਸਰਕਾਰ 'ਤੇ ਪਵੇਗਾ 5 ਹਜ਼ਾਰ ਕਰੋੜ ਦਾ ਵਾਧੂ ਬੋਝ

ਬਿਜਲੀ ਚੋਰੀ ਸਬੰਧੀ ਆਂਢ-ਗੁਆਂਢ ਦੇ ਲੋਕਾਂ ਦੇ ਆ ਰਹੇ ਫੋਨ
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਬਿਜਲੀ ਚੋਰੀ ਨੂੰ ਲੈ ਕੇ 50 ਤੋਂ ਵੱਧ ਲੋਕਾਂ ਦੇ ਫੋਨ ਆਏ ਹਨ। ਉਨ੍ਹਾਂ ਵੱਲੋਂ ਦੱਸਿਆ ਗਿਆ ਸਥਾਨ ਨੋਟ ਕਰ ਲਿਆ ਗਿਆ ਹੈ, ਜਿਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਥੇ ਹੀ, ਘਰਾਂ ਦੇ ਕੁਨੈਕਸ਼ਨਾਂ ਤੋਂ ਦੁਕਾਨਾਂ ’ਤੇ ਬਿਜਲੀ ਵਰਤਣ ਵਾਲੇ ਲੋਕਾਂ ਖ਼ਿਲਾਫ਼ ਫੋਨਾਂ ਦੀ ਝੜੀ ਲੱਗੀ ਹੋਈ ਹੈ। ਆਂਢ-ਗੁਆਂਢ ਦੇ ਲੋਕਾਂ ਵੱਲੋਂ ਫੋਨ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਚੋਰੀ ਸਬੰਧੀ ਜਾਣਕਾਰੀ ਦੇ ਕੇ ਆਪਣੇ ਫਰਜ਼ ਦਾ ਪਾਲਣ ਕਰ ਰਹੇ ਲੋਕ
ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਲੋਕ ਬਿਜਲੀ ਦੀ ਚੋਰੀ ਸਬੰਧੀ ਜਾਣਕਾਰੀ ਦੇ ਰਹੇ ਹਨ, ਉਹ ਸਮਾਜ ਦੇ ਪ੍ਰਤੀ ਆਪਣੇ ਫਰਜ਼ ਦਾ ਪਾਲਣ ਕਰ ਰਹੇ ਹਨ। ਬਿਜਲੀ ਚੋਰੀ ਨੂੰ ਵਿਭਾਗ ਵੱਲੋਂ ਟਰਾਂਸਮਿਸ਼ਨ ਲਾਸ ’ਚ ਪਾਇਆ ਜਾਂਦਾ ਹੈ। ਇਸ ਨਾਲ ਬਿਜਲੀ ਦੇ ਟੈਕਸ ਅਤੇ ਯੂਨਿਟ ਦਾ ਰੇਟ ਵਧਦਾ ਹੈ। ਚੋਰਾਂ ਵੱਲੋਂ ਵਰਤੀ ਜਾਣ ਵਾਲੀ ਬਿਜਲੀ ਦਾ ਖਰਚ ਆਮ ਖਪਤਕਾਰਾਂ ’ਤੇ ਪੈਂਦਾ ਹੈ। ਵਿਭਾਗ ਵੱਲੋਂ ਅਜਿਹੇ ਲੋਕਾਂ ਦਾ ਨਾਂ ਗੁਪਤ ਰੱਖਿਆ ਜਾਂਦਾ ਹੈ, ਜਿਨ੍ਹਾਂ ਦੇ ਆਲੇ-ਦੁਆਲੇ ਬਿਜਲੀ ਦੀ ਚੋਰੀ ਹੋ ਰਹੀ ਹੈ ਜਾਂ ਦੁਕਾਨਾਂ ’ਤੇ ਘਰਾਂ ਦੇ ਕੁਨੈਕਸ਼ਨ ਤੋਂ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਪਾਵਰਕਾਮ ਦੇ ਨੰਬਰ 96461-16301 ’ਤੇ ਜਾਣਕਾਰੀ ਦੇਣ।

ਇਹ ਵੀ ਪੜ੍ਹੋ:  CM ਭਗਵੰਤ ਮਾਨ ਨੂੰ ਸਾਬਕਾ ਮੰਤਰੀ ਧਰਮਸੌਤ ਦਾ ਠੋਕਵਾਂ ਜਵਾਬ, ਕਿਹਾ- ਮੈਂ ਹਰ ਇਨਕੁਆਇਰੀ ਲਈ ਤਿਆਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News