ਪਾਵਰਕਾਮ ਨਹੀਂ ਲੈ ਸਕਿਆ ਥਰਮਲ ਪਲਾਂਟਾਂ ਤੋਂ ਪੂਰਾ ਬਿਜਲੀ ਉਤਪਾਦਨ
Sunday, May 09, 2021 - 12:04 PM (IST)
ਚੰਡੀਗਡ਼੍ਹ/ਪਟਿਆਲਾ, (ਜ. ਬ.) : ਬਿਜਲੀ ਸਰਪਲੱਸ ਪੰਜਾਬ ’ਚ ਬਿਜਲੀ ਕੰਪਨੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਸੂਬੇ ਦੇ ਥਰਮਲ ਪਲਾਂਟਾਂ ਤੋਂ ਸਮਰਥਾ ਅਨੁਸਾਰ ਬਿਜਲੀ ਪੈਦਾਵਾਰ ਨਹੀਂ ਲੈ ਸਕਿਆ। ਪੰਜਾਬ ’ਚ ਪ੍ਰਾਈਵੇਟ ਖੇਤਰ ਦੇ ਤਿੰਨ ਥਰਮਲ ਪਲਾਂਟ ਹਨ, ਜਿਨ੍ਹਾਂ ’ਚ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ, ਤਲਵੰਡੀ ਸਾਬੋ ਦਾ ਟੀ. ਐੱਸ. ਪੀ. ਐੱਲ. ਅਤੇ ਗੋਇੰਦਵਾਲ ਸਾਹਿਬ ਸਥਿਤ ਜੀ. ਵੀ. ਕੇ. ਪਲਾਂਟ ਹਨ। ਸਰਕਾਰੀ ਖੇਤਰ ਦੇ ਦੋ ਪਲਾਂਟ ਜੋ ਚਲ ਰਹੇ ਹਨ, ਉਨ੍ਹਾਂ ’ਚ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਅਤੇ ਰੋਪਡ਼ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਹਨ। ਸਾਲ 2020-21 ਦੌਰਾਨ ਇਨ੍ਹਾਂ ਪਲਾਂਟਾਂ ’ਚੋਂ ਸਭ ਤੋਂ ਵੱਧ 65.52 ਫੀਸਦੀ ਬਿਜਲੀ ਰਾਜਪੁਰਾ ਪਲਾਂਟ ਨੇ ਪੈਦਾ ਕੀਤੀ ਹੈ, ਜਦ ਕਿ ਸਭ ਤੋਂ ਘੱਟ 11.24 ਫੀਸਦੀ ਬਿਜਲੀ ਲਹਿਰਾ ਮੁਹੱਬਤ ਪਲਾਂਟ ਨੇ ਕੀਤੀ ਹੈ। ਬਿਜਲੀ ਪੈਦਾਵਾਰ ਦੀ ਇਹ ਦਰ ਪਲਾਂਟ ਲੋਡ ਫੈਕਟਰ (ਪੀ. ਐੱਲ. ਐੱਫ.) ਦੇ ਰੂਪ ’ਚ ਗਿਣੀ ਜਾਂਦੀ ਹੈ। ਪਾਵਰਕਾਮ ਦੇ ਅੰਕਡ਼ਿਆਂ ਮੁਤਾਬਕ ਰਾਜਪੁਰਾ ਪਲਾਂਟ ਤੋਂ ਸਮਰਥਾ ਨਾਲੋਂ 65.52 ਫੀਸਦੀ ਬਿਜਲੀ ਪੈਦਾਵਾਰ ਲਈ ਗਈ, ਤਲਵੰਡੀ ਸਾਬੋ ਪਲਾਂਟ ਤੋਂ 40.15 ਫੀਸਦੀ, ਗੋਇੰਦਵਾਲ ਸਾਹਿਬ ਪਲਾਂਟ ਤੋਂ 27.12 ਫੀਸਦੀ, ਰੋਪਡ਼ ਤੋਂ 12.01 ਫੀਸਦੀ ਅਤੇ ਲਹਿਰਾ ਮੁਹੱਬਤ ਪਲਾਂਟ ਤੋਂ 11.24 ਫੀਸਦੀ ਬਿਜਲੀ ਪੈਦਾਵਾਰ ਲਈ ਗਈ ਹੈ। ਪੀ. ਐੱਲ. ਐੱਫ. ਜਿਥੇ ਕੀਤੀ ਗਈ ਵਰਤੋਂ ਨੁੰ ਮਾਪਣ ਦਾ ਪੈਮਾਨਾ ਹੈ, ਉਥੇ ਹੀ ਪਲਾਂਟ ਅਵੈਲੇਬਿਲਟੀ ਫੈਕਟਰ (ਪੀ. ਐੱਲ. ਏ.) ਪਲਾਂਟ ਕਿੰਨੀ ਬਿਜਲੀ ਪੈਦਾ ਕਰਨ ਦੇ ਸਮਰਥ ਹੈ, ਇਸ ਦਾ ਪੈਮਾਨਾ ਹੈ। ਪੰਜਾਬ ’ਚ ਸਿਖਰ ਸਮੇਂ ਯਾਨੀ ਪੀਕ ਸਮੇਂ ਵਿਚ ਬਿਜਲੀ ਦੀ ਮੰਗ 13,000 ਮੈਗਾਵਾਟ ਟੱਪ ਜਾਂਦੀ ਹੈ। ਇਹ ਸਮਾਂ ਜੂਨ ਮਹੀਨੇ ’ਚ ਝੋਨੇ ਦੀ ਲੁਆਈ ਤੋਂ ਸ਼ੁਰੂ ਹੋ ਕੇ ਸਤੰਬਰ ਦੇ ਅਖੀਰ ਤੱਕ ਝੋਨੇ ਦੀ ਫਸਲ ਤਿਆਰ ਹੋਣ ਤੱਕ ਦਾ ਹੁੰਦਾ ਹੈ। ਇਸ ਤੋਂ ਇਲਾਵਾ ਅਕਤੂਬਰ ਤੋਂ ਲੈ ਕੇ ਮਈ ਮਹੀਨੇ ਤੱਕ ਬਿਜਲੀ ਦੀ ਮੰਗ ’ਚ ਭਾਰੀ ਗਿਰਾਵਟ ਦਰਜ ਹੁੰਦੀ ਹੈ ਤੇ ਇਹ ਤਕਰੀਬਨ 4 ਤੋਂ 6 ਹਜ਼ਾਰ ਮੈਗਾਵਾਟ ਦੇ ਕਰੀਬ ਹੀ ਰਹਿ ਜਾਂਦੀ ਹੈ। ਅਜਿਹੇ ਮੌਕੇ ਥਰਮਲ ਪਲਾਂਟਾਂ ਤੋਂ ਬਿਜਲੀ ਪੈਦਾਵਾਰ ਘੱਟ ਹੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ’ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਕੀਤੀ ਅਪੀਲ
ਬਿਜਲੀ ਵੇਚਣ ਦੀ ਯੋਜਨਾ ਨਾਕਾਮ
ਪਾਵਰਕਾਮ ਨੇ ਜਦੋਂ ਇਹ ਪਲਾਂਟ ਲਗਾਏ ਸਨ ਤਾਂ ਇਸ ਵੱਲੋਂ ਵਾਧੂ ਬਿਜਲੀ ਵੇਚ ਕੇ ਲਾਭ ਦਾ ਪੈਸਾ ਵਰਤ ਕੇ ਸਸਤੀ ਬਿਜਲੀ ਆਪਣੇ ਖਪਤਕਾਰਾਂ ਨੂੰ ਦੇਣ ਦੀ ਯੋਜਨਾ ਬਣਾਈ ਗਈ ਸੀ ਪਰ ਪਾਵਰਕਾਮ ਬਿਜਲੀ ਵੇਚਣ ਵਿਚ ਨਾਕਾਮ ਰਿਹਾ ਹੈ। ਇਸ ਵੱਲੋਂ ਸਰਪਲੱਸ ਪੈਦਾਵਾਰ ਦੀ ਵਿਕਰੀ ਲਈ ਕਈ ਰਾਜਾਂ ਨਾਲ ਸੰਪਰਕ ਕੀਤਾ ਗਿਆ ਬਲਕਿ ਆਪਣੇ ਅਫਸਰ ਤੱਕ ਵੀ ਵੱਖ-ਵੱਖ ਰਾਜਾਂ ਵਿਚ ਭੇਜੇ ਗਏ ਪਰ ਯੂ. ਪੀ. ਵਰਗੇ ਰਾਜਾਂ ਨੇ ਇਹ ਤਾਂ ਕਿਹਾ ਕਿ ਸਾਨੂੰ ਬਿਜਲੀ ਦੀ ਜ਼ਰੂਰਤ ਹੈ ਪਰ ਪੈਸਾ ਨਹੀਂ ਹੈ। ਇਸੇ ਤਰੀਕੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਯੋਜਨਾ ਘਡ਼ੀ ਗਈ ਪਰ ਗੁਆਂਢੀ ਮੁਲਕ ਨਾਲ ਖਰਾਬ ਰਿਸ਼ਤਿਆਂ ਕਾਰਨ ਇਹ ਯੋਜਨਾ ਵੀ ਧਰੀ-ਧਰਾਈ ਰਹਿ ਗਈ। ਭਾਰਤ ਇਸ ਵੇਲੇ ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਨੂੰ ਬਿਜਲੀ ਵੇਚ ਰਿਹਾ ਹੈ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਨੂੰ ਵਲਟੋਹਾ ਦੇ ਦੁਕਾਨਦਾਰਾਂ ਨੇ ਨਹੀਂ ਦਿੱਤਾ ਹੁੰਗਾਰਾ
ਪ੍ਰਾਈਵੇਟ ਦੀ ਹੀ ਨਹੀਂ ਸਰਕਾਰੀ ਥਰਮਲਾਂ ਦੀ ਵੀ ਪੈਂਦੀ ਹੈ ਫਿਕਸਡ ਕੋਸਟ
ਪੰਜਾਬ ’ਚ ਪ੍ਰਾਈਵੇਟ ਬਿਜਲੀ ਥਰਮਲ ਪਲਾਂਟਾਂ ਨੂੰ ਅਣਵਰਤੀ ਬਿਜਲੀ ਦੀ ਅਦਾਇਗੀ ਯਾਨੀ ਫਿਕਸਡ ਕੋਸਟ ਇਕ ਵੱਡਾ ਸਿਆਸੀ ਮੁੱਦਾ ਬਣਿਆ ਹੋਇਆ ਹੈ ਜਦ ਕਿ ਅਸਲੀਅਤ ਇਹ ਹੈ ਕਿ ਪਾਵਰਕਾਮ ਨੂੰ ਆਪਣੇ ਸਰਕਾਰੀ ਥਰਮਲਾਂ ਦੇ ਰੱਖ-ਰਖਾਅ ਵਾਸਤੇ ਵੀ ਨਿਸ਼ਚਿਤ ਰਾਸ਼ੀ ਯਾਨੀ ਫਿਕਸਡ ਕੋਸਟ ਖਰਚ ਕਰਨੀ ਪੈਂਦੀ ਹੈ। ਪਾਵਰਕਾਮ ਦੀ ਆਪਣੀ ਰਿਪੋਰਟ ਮੁਤਾਬਕ ਸਾਲਾਨਾ 3700 ਕਰੋਡ਼ ਰੁਪਏ ਇਸ ਕੰਮ ’ਤੇ ਖਰਚ ਕੀਤੇ ਜਾ ਰਹੇ ਹਨ ਜਦ ਕਿ ਪ੍ਰਾਈਵੇਟ ਥਰਮਲਾਂ ਨੂੰ ਜਾਂਦੇ 4 ਹਜ਼ਾਰ ਕਰੋਡ਼ ਸਿਆਸੀ ਮੁੱਦਾ ਹੈ। ਇਹ ਵੀ ਇਕ ਸੱਚਾਈ ਹੈ ਕਿ ਸਰਕਾਰੀ ਥਰਮਲਾਂ ਤੋਂ ਬਿਜਲੀ ਪੈਦਾਵਾਰ 4 ਰੁਪਏ ਪ੍ਰਤੀ ਯੂਨਿਟ ਦੇ ਕਰੀਬ ਪੈਂਦੀ ਹੈ ਜਦ ਕਿ ਪ੍ਰਾਈਵੇਟ ਥਰਮਲਾਂ ਤੋਂ 2 ਰੁਪਏ 90 ਪੈਸੇ ਤੋਂ ਲੈ ਕੇ ਸਵਾ ਤਿੰਨ ਰੁਪਏ ਪ੍ਰਤੀ ਯੂਨਿਟ ਪੈ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ ਲੁਧਿਆਣਾ ਦੇ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?