ਬਿਜਲੀ ਚੋਰੀ ਕਰਨ ਵਾਲਿਆਂ ''ਤੇ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਚਲਾਈ ਸਪੈਸ਼ਲ ਡਰਾਈਵ

Sunday, Oct 15, 2023 - 01:50 PM (IST)

ਬਿਜਲੀ ਚੋਰੀ ਕਰਨ ਵਾਲਿਆਂ ''ਤੇ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਚਲਾਈ ਸਪੈਸ਼ਲ ਡਰਾਈਵ

ਜਲੰਧਰ (ਪੁਨੀਤ)–ਮੁਫ਼ਤ ਬਿਜਲੀ ਦੀ ਸਹੂਲਤ ਦੇ ਬਾਵਜੂਦ ਬਿਜਲੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਕਾਰਨ ਪਾਵਰਕਾਮ ਵੱਲੋਂ ਸਖ਼ਤੀ ਕਰਦੇ ਹੋਏ ਬਿਜਲੀ ਚੋਰੀ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਲੜੀ ਵਿਚ ਪਾਵਰਕਾਮ ਜਲੰਧਰ ਸਰਕਲ ਵੱਲੋਂ ‘ਸਪੈਸ਼ਲ ਡਰਾਈਵ’ ਦੇ ਨਾਂ ਨਾਲ ਚਲਾਈ ਗਈ ਮੁਹਿੰਮ ਤਹਿਤ 948 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਈ ਗਈ, ਜਿਸ ਵਿਚ ਬਿਜਲੀ ਚੋਰੀ ਅਤੇ ਹੋਰ ਸਬੰਧਤ 75 ਖ਼ਪਤਕਾਰਾਂ ਨੂੰ 23.74 ਲੱਖ ਜੁਰਮਾਨਾ ਠੋਕਿਆ ਗਿਆ ਹੈ।

ਜਲੰਧਰ ਸਰਕਲ ਦੀਆਂ 5 ਡਵੀਜ਼ਨਾਂ ਅਧੀਨ ਗਠਿਤ ਕੀਤੀਆਂ ਗਈਆਂ 17 ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਸਿੱਧੀ ਬਿਜਲੀ ਚੋਰੀ ਦੇ 29 ਕੇਸ ਫੜੇ ਗਏ। ਇਨ੍ਹਾਂ ਖ਼ਪਤਕਾਰਾਂ ਨੂੰ 20.92 ਲੱਖ ਜੁਰਮਾਨਾ ਕੀਤਾ ਗਿਆ ਹੈ, ਜਦਕਿ ਹੋਰ ਕੇਸਾਂ ਵਿਚ 2.82 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਡਿਪਟੀ ਚੀਫ਼ ਇੰਜੀਨੀਅਰ ਅਤੇ ਸਰਕਲ ਹੈੱਡ ਇੰਜੀ. ਗੁਲਸ਼ਨ ਕੁਮਾਰ ਚੁਟਾਨੀ ਦੀ ਪ੍ਰਧਾਨਗੀ ਵਿਚ ਬਣਾਈਆਂ ਗਈਆਂ ਇਨ੍ਹਾਂ ਟੀਮਾਂ ਦੀ ਅਗਵਾਈ ਐਕਸੀਅਨ ਇੰਜੀ. ਸੰਨੀ ਭਾਂਗਰਾ, ਇੰਜੀ. ਅਵਤਾਰ ਸਿੰਘ, ਜਸਪਾਲ ਸਿੰਘ ਪਾਲ ਅਤੇ ਇੰਜੀ. ਹਰਦੀਪ ਕੁਮਾਰ ਵੱਲੋਂ ਕੀਤੀ ਗਈ। 17 ਟੀਮਾਂ ਵੱਲੋਂ ਵੱਖ-ਵੱਖ ਸਮੇਂ ਕੀਤੀ ਗਈ ਕਾਰਵਾਈ ਤਹਿਤ ਨੀਲਾਮਹਿਲ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਦੀਪ ਨਗਰ, ਰੰਧਾਵਾ-ਮਸੰਦਾਂ, ਗੁਰਬੰਤਾ ਸਿੰਘ, ਬਸਤੀ ਪੀਰਦਾਦ, ਅਲੀ ਮੁਹੱਲਾ, ਪੱਕਾ ਬਾਗ, ਨੰਦਨਪੁਰ ਸਮੇਤ ਵੱਖ-ਵੱਖ ਇਲਾਕਿਆਂ ਵਿਚ ਨਿਯਮਾਂ ਦਾ ਉਲੰਘਣ ਕਰਨ ਵਾਲੇ ਖਪਤਕਾਰਾਂ ਨੂੰ ਫੜਿਆ ਗਿਆ ਹੈ। ਇਨ੍ਹਾਂ ਵਿਚ ਮਨਜ਼ੂਰੀ ਤੋਂ ਵੱਧ ਲੋਡ ਚਲਾ ਰਹੇ 38 ਖਪਤਕਾਰਾਂ ਨੂੰ 1.07 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ, ਪੁਲਸ ਤੇ ਨਸ਼ਾ ਤਸਕਰ ਵਿਚਾਲੇ ਮੁਠਭੇੜ, ਚੱਲੀਆਂ ਗੋਲ਼ੀਆਂ

ਨਿਗਮ ਵੱਲੋਂ ਇਸ ਮੁਹਿੰਮ ਤਹਿਤ ਬਿਜਲੀ ਚੋਰੀ ਕਰਨ ਲਈ ਪਾਈ ਗਈ ਤਾਰ ਆਦਿ ਨੂੰ ਲਾਹ ਕੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸੇ ਦੌਰਾਨ ਇਕ ਕੇਸ ਫੜਿਆ ਗਿਆ ਹੈ, ਜਿਸ ਵਿਚ ਖਪਤਕਾਰ ਵੱਲੋਂ ਸਿੱਧੀ ਕੁੰਡੀ ਲਾਈ ਗਈ ਸੀ ਅਤੇ ਮੀਟਰ ਨਹੀਂ ਸੀ। ਉਕਤ ਖਪਤਕਾਰ ਵੱਲੋਂ ਰਸੋਈ ਵਿਚ ਹੀਟਰ ਦੀ ਵਰਤੋਂ ਕੀਤੀ ਜਾ ਰਹੀ ਸੀ। ਵਿਭਾਗ ਨੇ ਹੀਟਰ ਨੂੰ ਕਬਜ਼ੇ ਵਿਚ ਲੈ ਲਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮਨਜ਼ੂਰੀ ਤੋਂ ਵੱਧ ਲੋਡ ਚਲਾਉਣ ਵਾਲੇ ਲੋਕ ਦੂਜੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਵਰਤਿਆ ਜਾਣ ਵਾਲਾ ਲੋਡ ਲੁਕਾਉਣ ਵਾਲੇ ਲੋਕਾਂ ਕਾਰਨ ਇਲਾਕੇ ਵਿਚ ਘੱਟ ਵੋਲਟੇਜ ਦੀ ਸਮੱਸਿਆ ਪੇਸ਼ ਆਉਂਦੀ ਹੈ, ਜੋ ਕਿ ਬਿਜਲੀ ਦੀ ਖਰਾਬੀ ਦਾ ਕਾਰਨ ਬਣਦੀ ਹੈ। ਇਸ ਕਾਰਨ ਇਲਾਕੇ ਵਿਚ ਟਰਾਂਸਫਾਰਮਰਾਂ ਵਿਚ ਫਾਲਟ ਪੈਂਦੇ ਹਨ ਅਤੇ ਘੰਟਿਆਂਬੱਧੀ ਬਿਜਲੀ ਬੰਦ ਰਹਿੰਦੀ ਹੈ। ਇਸ ਕਾਰਨ ਪਾਵਰਕਾਮ ਨੂੰ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਇੰਜੀ. ਚੁਟਾਨੀ ਨੇ ਦੱਸਿਆ ਕਿ ਘੱਟ ਵੋਲਟੇਜ ਦੇ ਕੇਸਾਂ ਵਿਚ ਟਰਾਂਸਫਾਰਮਰਾਂ ਦੇ ਖਰਾਬ ਹੋਣ ਦੇ ਕੇਸ ਸੁਣਨ ਨੂੰ ਮਿਲ ਰਹੇ ਹਨ। ਇਸੇ ਕਾਰਨ ਵਿਭਾਗ ਵੱਲੋਂ ਵੱਧ ਲੋਡ ਚਲਾਉਣ ਵਾਲੇ ਖਪਤਕਾਰਾਂ ’ਤੇ ਫੋਕਸ ਕੀਤਾ ਜਾ ਰਿਹਾ ਹੈ ਤਾਂ ਕਿ ਇਲਾਕੇ ਦੇ ਸਹੀ ਲੋਡ ਦਾ ਪਤਾ ਲੱਗ ਸਕੇ ਅਤੇ ਵਿਭਾਗ ਵੱਲੋਂ ਲੋੜ ਮੁਤਾਬਕ ਇਲਾਕੇ ਵਿਚ ਲੋਡ ਮੁਹੱਈਆ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ:ਖਰੜ 'ਚ ਵਾਪਰੇ ਤੀਹਰੇ ਕਤਲ ਕਾਂਡ 'ਚ ਵੱਡੇ ਖ਼ੁਲਾਸੇ, ਮੋਬਾਇਲ ਬਣਿਆ ਭਰਾ-ਭਰਜਾਈ ਦੇ ਭਤੀਜੇ ਦੀ ਮੌਤ ਦਾ ਕਾਰਨ

ਘਰੇਲੂ ਦੀ ਕਮਰਸ਼ੀਅਲ ਵਰਤੋਂ ਕਰਨ ਵਾਲੇ 8 ਕੇਸ ਫੜੇ
ਅਧਿਕਾਰੀਆਂ ਨੇ ਦੱਸਿਆ ਕਿ ਮੁਫਤ ਮਿਲਣ ਵਾਲੀ ਘਰੇਲੂ ਬਿਜਲੀ ਨੂੰ ਦੁਕਾਨਾਂ ਆਦਿ ’ਤੇ ਵਰਤਣਾ ਨਿਯਮਾਂ ਦੇ ਉਲਟ ਹੈ। ਇਸ ’ਤੇ ਵਿਭਾਗ ਵੱਲੋਂ ਯੂ. ਯੂ. ਈ. ਦਾ ਕੇਸ ਬਣਾਇਆ ਜਾਂਦਾ ਹੈ। ਵਿਭਾਗ ਵੱਲੋਂ ਅੱਜ ਕੀਤੀ ਗਈ ਚੈਕਿੰਗ ਦੌਰਾਨ 8 ਖਪਤਕਾਰਾਂ ਨੂੰ ਫੜਿਆ ਗਿਆ, ਜਿਨ੍ਹਾਂ ਦਾ 12 ਕਿਲੋਵਾਟ ਲੋਡ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਬਿਜਲੀ ਸਿਰਫ ਘਰੇਲੂ ਵਰਤੋਂ ਲਈ ਵੈਲਿਡ ਹੈ। ਦੁਕਾਨ ਆਦਿ ਵਿਚ ਇਸ ਦੀ ਵਰਤੋਂ ਨਹੀਂ ਹੋ ਸਕਦੀ। ਵਿਭਾਗ ਵੱਲੋਂ ਫੜੇ ਗਏ 8 ਕੇਸਾਂ ਵਿਚ 1.75 ਲੱਖ ਜੁਰਮਾਨਾ ਕੀਤਾ ਗਿਆ ਹੈ। ਇਸ ਪੂਰੀ ਕਾਰਵਾਈ ਤਹਿਤ 23.74 ਲੱਖ ਜੁਰਮਾਨਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: CM ਮਾਨ ਨੇ 304 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ-ਪੰਜਾਬ ਨੂੰ ਦੇਸ਼ ਦੀ ਨੰਬਰ-1 ਡਿਜ਼ੀਟਲ ਪੁਲਸ ਬਣਾਵਾਂਗੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News