ਪਾਵਰਕਾਮ ਦੇ ਪੈਨਸ਼ਨਰਾਂ ਨੇ ਘੇਰਿਆ ਡਵੀਜ਼ਨਲ ਦਫਤਰ
Tuesday, Dec 05, 2017 - 12:51 AM (IST)
ਨਵਾਂਸ਼ਹਿਰ, (ਤ੍ਰਿਪਾਠੀ)- ਪੈਨਸ਼ਨਰਜ਼ ਯੂਨੀਅਨ ਪੰਜਾਬ ਰਾਜ ਪਾਵਰਕਾਮ ਨੇ ਅੱਜ ਕੈਸ਼ਲੈੱਸ ਸਕੀਮ, ਰਿਆਇਤੀ ਬਿਜਲੀ ਯੂਨਿਟ, ਰੈਗੂਲਰ ਪੈਨਸ਼ਨ ਤੇ ਬਕਾਇਆ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ ਦੀ ਮੰਗ ਕਰਦਿਆਂ ਗੜ੍ਹਸ਼ੰਕਰ ਰੋਡ 'ਤੇ ਡਵੀਜ਼ਨ ਗੇਟ ਦੇ ਬਾਹਰ ਧਰਨਾ ਦੇ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਨਰਿੰਦਰ ਮਹਿਤਾ, ਸੁਰਿੰਦਰ ਸਿੰਘ ਤੇ ਰਾਮ ਦੇਵ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ। ਪੈਨਸ਼ਨਰਾਂ ਨੂੰ ਜਿਥੇ ਡੀ. ਏ. ਦੀਆਂ ਕਿਸ਼ਤਾਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਉਥੇ ਹੀ ਸਰਕਾਰ ਹਰ ਮਹੀਨੇ ਰੈਗੂਲਰ ਪੈਨਸ਼ਨ ਵੀ ਜਾਰੀ ਨਹੀਂ ਕਰ ਰਹੀ, ਜਿਸ ਕਾਰਨ ਪੈਨਸ਼ਨਰਾਂ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਪੈਨਸ਼ਨਰਾਂ ਨੂੰ ਪਹਿਲੀ ਤਰੀਕ ਨੂੰ ਪੈਨਸ਼ਨ ਜਾਰੀ ਹੁੰਦੀ ਹੈ ਪਰ ਅੱਜ 4 ਤਰੀਕ ਹੋਣ ਦੇ ਬਾਵਜੂਦ ਪੈਨਸ਼ਨ ਜਾਰੀ ਨਹੀਂ ਹੋਈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਕਾਇਆ ਡੀ.ਏ. ਦੀਆਂ ਕਿਸ਼ਤਾਂ ਦਾ ਜਲਦੀ ਭੁਗਤਾਨ ਕੀਤਾ ਜਾਵੇ, ਕੈਸ਼ਲੈੱਸ ਸਕੀਮ ਤੇ ਬਿਜਲੀ 'ਚ ਰਿਆਇਤ ਦੀ ਸਹੂਲਤ ਨੂੰ ਮੁੜ ਸ਼ੁਰੂ ਕੀਤਾ ਜਾਵੇ ਤੇ ਮੈਡੀਕਲ ਭੱਤੇ 'ਚ ਵਾਧਾ ਕੀਤਾ ਜਾਵੇ।
ਇਸ ਮੌਕੇ ਯੂਨੀਅਨ ਦੇ ਵਾਈਸ ਪ੍ਰਧਾਨ ਪਰਮਜੀਤ ਸਿੰਘ ਸੈਣੀ, ਕੁਲਵਿੰਦਰ ਸਿੰਘ, ਨਾਥ ਰਾਮ, ਪ੍ਰੇਮ ਚੰਦ, ਸਤਨਾਮ ਸਿੰਘ ਟਿਵਾਣਾ ਤੋਂ ਇਲਾਵਾ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਕੁਮਾਰ, ਜ਼ੋਨਲ ਸਕੱਤਰ ਵਿਜੇ ਕੁਮਾਰ ਤੇ ਸ਼ਹਿਰੀ ਪ੍ਰਧਾਨ ਹਾਜ਼ਰ ਸਨ।
ਰੂਪਨਗਰ, (ਕੈਲਾਸ਼)- ਰੂਪਨਗਰ ਡਵੀਜ਼ਨ ਹੈੱਡਕੁਆਰਟਰ ਦੇ ਗੇਟ 'ਤੇ ਇਕ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਰਿਟਾਇਰਡ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਮੁਰਲੀ ਮਨੋਹਰ, ਕੁਲਦੀਪ ਸਿੰਘ, ਕਰਨੈਲ ਸਿੰਘ, ਰਾਧੇ ਸ਼ਿਆਮ ਆਦਿ ਨੇ ਕਿਹਾ ਕਿ ਮੁਲਾਜ਼ਮਾਂ ਤੇ ਆਮ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਰਾਜ ਤੋਂ ਤੰਗ ਆ ਕੇ ਬਾਦਲਾਂ ਵਿਰੁੱਧ ਵੋਟ ਪਾਈ ਸੀ ਤਾਂ ਕਿ ਨਵੀਂ ਸਰਕਾਰ ਜਿਥੇ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ ਆਦਿ ਨੂੰ ਨੱਥ ਪਾਵੇਗੀ, ਉਥੇ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਵੀ ਹੱਲ ਕਰੇਗੀ ਪਰ ਛੇਵਾਂ ਤਨਖਾਹ ਕਮਿਸ਼ਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਠੇਕੇਦਾਰੀ ਸਿਸਟਮ ਖਤਮ ਕਰਨਾ, ਪੇਅ ਬੈਂਡ 1 ਦਸੰਬਰ 2011 ਤੋਂ ਲਾਗੂ ਕਰਨਾ ਆਦਿ ਮਸਲਿਆਂ ਪ੍ਰਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗੰਭੀਰ ਨਹੀਂ ਹੈ, ਜਦਕਿ ਕੁਝ ਸਾਲਾਂ 'ਚ ਜੋ ਨਵੀਂ ਭਰਤੀ ਕੀਤੀ ਗਈ, ਉਸ ਤਹਿਤ ਤਿੰਨ ਸਾਲ ਸਿਰਫ ਬੇਸਿਕ ਤਨਖਾਹ ਦੇ ਕੇ ਲੁੱਟ ਕੀਤੀ ਜਾ ਰਹੀ ਹੈ, ਜੋ ਨਾਇਨਸਾਫੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਦੀਆਂ ਪੈਨਸ਼ਨਾਂ ਵੀ ਬੈਂਕ ਖਾਤਿਆਂ 'ਚ ਨਾ ਪਾਉਣ ਕਾਰਨ ਰਿਟਾਇਰਡ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਲਾਰਿਆਂ ਨੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੈਨਸ਼ਨਾਂ ਤੇ ਹੋਰ ਮਸਲਿਆਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਰੋਸ ਰੈਲੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਾਮ ਕੁਮਾਰ, ਗੁਲਾਮ ਮੁਹੰਮਦ, ਸੁਰਿੰਦਰ ਸਿੰਘ, ਰਣਜੀਤ ਸਿੰਘ ਤੇ ਛੋਟੂ ਰਾਮ ਮੌਜੂਦ ਸਨ।
