ਪਾਵਰਕਾਮ ਨੇ ਸਹਾਇਕ ਲਾਈਨਮੈਨਾਂ ਦੇ ਆਨਲਾਈਨ ਫਾਰਮ ਭਰਨ ਨੂੰ ਕੀਤਾ ਮੁਲਤਵੀ

07/23/2019 9:30:33 AM

ਪਟਿਆਲਾ (ਜੋਸਨ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਨੇ ਬਿਜਲੀ ਨਿਗਮ ਵਿਚ ਸਹਾਇਕ ਲਾਈਨਮੈਨਾਂ ਦੀਆਂ ਖਾਲੀ ਪਈ ਅਸਾਮੀਆਂ ਦੀ ਭਰਤੀ ਲਈ 6 ਜੁਲਾਈ ਨੂੰ ਵਿਗਿਆਪਨ ਜਾਰੀ ਕੀਤਾ ਸੀ। ਜਿਸ ਅਨੁਸਾਰ 3500 ਅਸਾਮੀਆਂ ਲਈ 25 ਜੁਲਾਈ ਤੋਂ ਆਨਲਾਈਨ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਸੀ ਪਰ ਮੈਨੇਜਮੈਂਟ ਨੇ ਬਿਨਾਂ ਕਿਸੇ ਕਾਰਨ ਆਨਲਾਈਨ ਭਰਤੀ ਦੀ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ ਹੈ, ਜਿਸ ਕਾਰਨ ਬੇਰੁਜ਼ਗਾਰ ਲਾਈਨਮੈਨਾਂ ਅਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ।

ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਅਤੇ ਅਵਤਾਰ ਸਿੰਘ ਸ਼ੇਰਗਿੱਲ ਨੇ ਬਿਜਲੀ ਨਿਗਮ ਦੀ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵਿਚ ਇਸ ਸਮੇਂ ਟੈਕਨੀਕਲ, ਕਲੈਰੀਕਲ ਅਤੇ ਅਕਾਊਂਟਸ ਨਾਲ ਸਬੰਧਤ ਅਸਾਮੀਆਂ ਵੱਡੇ ਪੱਧਰ 'ਤੇ ਖਾਲੀ ਪਈਆਂ ਹਨ। ਮੈਨੇਜਮੈਂਟ ਨੇ 5300 ਅਸਾਮੀਆਂ ਦੀ ਸਿੱਧੀ ਭਰਤੀ ਲਈ ਕਈ ਵਾਰ ਹਾਮੀ ਭਰੀ ਹੈ, ਜਿਸ ਦੇ ਸਿੱਟੇ ਵਜੋਂ ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਸੀ. ਆਰ. ਏ. 295/19 ਜਾਰੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਹੁਣ ਜਦੋਂ 25 ਜੁਲਾਈ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਸੀ ਤਾਂ ਉਸੇ ਸਮੇਂ ਭਰਤੀ ਪ੍ਰਕਿਰਿਆ ਨੂੰ ਮੁਲਤਵੀ ਕਰਨਾ ਬੇਰੁਜ਼ਗਾਰ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਜਾਰੀ ਕੀਤੇ ਵਿਗਿਆਪਨ ਦੀਆਂ ਸ਼ਰਤਾਂ ਮੁਤਾਬਕ ਭਰਤੀ ਦੀ ਕਾਰਵਾਈ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਭਰਤੀ ਵਿਚ ਤੇਜ਼ੀ ਲਿਆਉਣ ਲਈ ਬਿਜਲੀ ਮੁਲਾਜ਼ਮ ਏਕਤਾ ਮੰਚ ਦਾ ਵਫਦ ਬਿਜਲੀ ਨਿਗਮ ਦੇ ਸੀ. ਐੱਮ. ਡੀ. ਇੰਜ: ਬਲਦੇਵ ਸਿੰਘ ਸਰ੍ਹਾਂ ਅਤੇ ਡਾਇਰੈਕਟਰ ਪ੍ਰਬੰਧਕੀ ਆਰ. ਪੀ. ਪਾਂਡਵ ਸਮੇਤ ਮੈਨੇਜਮੈਂਟ ਨੂੰ ਮਿਲ ਕੇ ਮੰਗ ਕਰੇਗਾ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਬਿਜਲੀ ਨਿਗਮ ਵਿਚ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾ ਸਕੇ।


Shyna

Content Editor

Related News