ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਅੱਜ ਅਦਾਲਤ ''ਚ ਕੀਤਾ ਜਾਵੇਗਾ ਪੇਸ਼

Tuesday, Jan 27, 2026 - 11:57 AM (IST)

ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਅੱਜ ਅਦਾਲਤ ''ਚ ਕੀਤਾ ਜਾਵੇਗਾ ਪੇਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਮਾਪਿਆਂ ਨੂੰ ਮੁਕਤਸਰ ਜ਼ਿਲ੍ਹਾ ਪੁਲਸ ਨੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਘਰ "ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ, ਅੱਜ ਦੁਪਹਿਰ ਨੂੰ ਮੁੜ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਜਬਰਨ ਵਸੂਲੀ ਦੇ 2024 ਦੇ ਇਕ ਮਾਮਲੇ ਵਿਚ ਸੋਮਵਾਰ ਨੂੰ ਕੀਤੀ ਗਈ ਸੀ। ਪੁਲਸ ਸੂਤਰਾਂ ਮੁਤਾਬਕ ਗੋਲਡੀ ਬਰਾੜ ਦੇ ਮਾਤਾ ਅਤੇ ਪਿਤਾ ਨੂੰ ਅੰਮ੍ਰਿਤਸਰ ਤੋਂ ਉਦੇਕਰਨ ਪਿੰਡ ਦੇ ਇਕ ਵਸਨੀਕ ਦੇ ਬਿਆਨਾਂ ’ਤੇ ਦਰਜ ਜਬਰਨ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੋਲਡੀ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰੀਤਪਾਲ ਕੌਰ ਇੱਥੇ ਕੋਟਕਪੂਰਾ ਰੋਡ ਸਥਿਤ ਆਦੇਸ਼ ਨਗਰ ਦੇ ਰਹਿਣ ਵਾਲੇ ਹਨ ਅਤੇ ਇਹ ਪਰਿਵਾਰ ਅਸਲ ਵਿਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ। ਪੁਲਸ ਵਿਚ ਸਾਬਕਾ ਸਹਾਇਕ ਸਬ-ਇੰਸਪੈਕਟਰ (ਏਐਸਆਈ) ਰਹੇ ਸ਼ਮਸ਼ੇਰ ਸਿੰਘ ਨੂੰ ਮੁਕਤਸਰ ਜ਼ਿਲ੍ਹੇ ਵਿਚ ਇਕ ਕਤਲ ਦੇ ਕੇਸ ਵਿਚ ਕਥਿਤ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ 2021 ਵਿਚ ਸੇਵਾਮੁਕਤ ਕਰ ਦਿੱਤਾ ਗਿਆ ਸੀ।

ਗੋਲਡੀ ਬਰਾੜ ਜਿਸ ਨੂੰ ਭਗੌੜਾ ਐਲਾਨਿਆ ਗਿਆ ਹੈ, 2022 ਵਿਚ ਮਾਨਸਾ ਜ਼ਿਲ੍ਹੇ ਵਿਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮਾਂ ਵਿਚੋਂ ਇੱਕ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ 2024 ਵਿਚ ਜਾਰੀ ਕੀਤੇ ਗਏ ਇਕ ਜਨਤਕ ਨੋਟਿਸ ਅਨੁਸਾਰ ਗੋਲਡੀ ਦੇ ਕੈਨੇਡਾ ਜਾਂ ਸੰਯੁਕਤ ਰਾਜ ਅਮਰੀਕਾ ਵਿਚ ਹੋਣ ਦਾ ਸ਼ੱਕ ਹੈ ਅਤੇ ਉਹ 2017 ਵਿਚ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ।


author

Gurminder Singh

Content Editor

Related News