ਕੰਗਨਾ ਰਣੌਤ ਮਾਣਹਾਨੀ ਮਾਮਲਾ: 10 ਫਰਵਰੀ ਤੱਕ ਸੁਣਵਾਈ ਮੁਲਤਵੀ
Tuesday, Jan 27, 2026 - 08:49 PM (IST)
ਬਠਿੰਡਾ (ਵਿਜੇ ਵਰਮਾ) - ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ਼ ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿੱਚ ਅਦਾਲਤ ਨੇ ਅਗਲੀ ਸੁਣਵਾਈ ਲਈ 10 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਅੱਜ ਹੋਈ ਸੁਣਵਾਈ ਦੌਰਾਨ ਕੰਗਨਾ ਰਣੌਤ ਵਰਚੁਅਲ ਤੌਰ ’ਤੇ ਅਦਾਲਤ ਵਿੱਚ ਪੇਸ਼ ਹੋਈ।
ਇਸ ਦੌਰਾਨ ਮਹਿੰਦਰ ਕੌਰ ਦੇ ਵਕੀਲ ਵੱਲੋਂ ਅਦਾਲਤ ਵਿੱਚ ਇੱਕ ਅਹਿਮ ਅਰਜ਼ੀ ਦਾਇਰ ਕੀਤੀ ਗਈ, ਜਿਸ ਵਿੱਚ ਕੰਗਨਾ ਰਣੌਤ ਦਾ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ ਗਈ। ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਕੰਗਨਾ ਰਣੌਤ ਮਾਮਲੇ ਤੋਂ ਬਚਣ ਲਈ ਦੇਸ਼ ਤੋਂ ਬਾਹਰ ਜਾ ਸਕਦੀ ਹੈ, ਜਿਸ ਨਾਲ ਨਿਆਂ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।
ਅੱਜ ਦੀ ਕਾਰਵਾਈ ਦੌਰਾਨ ਮਾਮਲੇ ਨਾਲ ਸੰਬੰਧਿਤ ਅਡੀਸ਼ਨਲ ਐਵੀਡੈਂਸ ਦੇ ਤੌਰ ’ਤੇ ਮਹਿੰਦਰ ਕੌਰ ਵੱਲੋਂ ਦੋ ਗਵਾਹ ਅਦਾਲਤ ਵਿੱਚ ਪੇਸ਼ ਕੀਤੇ ਗਏ। ਇਨ੍ਹਾਂ ਵਿੱਚ ਸੁਰਜੀਤ ਸਿੰਘ ਫੂਲ, ਜੋ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ ਅਤੇ ਇੱਕ ਹੋਰ ਕਿਸਾਨ ਨੇਤਾ ਸ਼ਾਮਲ ਸਨ। ਦੋਹਾਂ ਗਵਾਹਾਂ ਨੇ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ।
ਅਦਾਲਤ ਨੇ ਦੋਹਾਂ ਪੱਖਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਲਈ 10 ਫਰਵਰੀ ਦੀ ਤਰੀਕ ਮੁਕਰਰ ਕਰ ਦਿੱਤੀ ਹੈ। ਮਾਮਲਾ ਕਿਸਾਨ ਅੰਦੋਲਨ ਨਾਲ ਜੁੜੀਆਂ ਟਿੱਪਣੀਆਂ ਕਾਰਨ ਕਾਫੀ ਸੰਵੇਦਨਸ਼ੀਲ ਬਣਿਆ ਹੋਇਆ ਹੈ ਅਤੇ ਇਸ ’ਤੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਵੀ ਨਿਗਾਹ ਬਣੀ ਹੋਈ ਹੈ।
