ਬਿਜਲੀ ਸਪਲਾਈ ਠੱਪ, ਭੜੋਲੀ ਖੁਰਦ ਵਾਸੀਆਂ ਕੀਤੀ ਨਾਅਰੇਬਾਜ਼ੀ
Wednesday, Dec 20, 2017 - 05:47 AM (IST)

ਪਠਾਨਕੋਟ, (ਸ਼ਾਰਦਾ)- ਬੀਤੇ ਲਗਭਗ ਇਕ ਹਫ਼ਤੇ ਤੋਂ ਪਿੰਡ ਭੜੋਲੀ ਖੁਰਦ ਵਿਚ ਬਿਜਲੀ ਸਪਲਾਈ ਠੱਪ ਰਹਿਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਅੱਜ ਪਾਵਰਕਾਮ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗਣੇਸ਼ ਕੁਮਾਰ, ਹੈਪੀ ਕੁਮਾਰ, ਕਿਰਨ ਕੁਮਾਰ, ਅਜੇ ਕੁਮਾਰ, ਲੱਕੀ ਕੁਮਾਰ, ਵਿਸ਼ਾਲ ਕੁਮਾਰ, ਪ੍ਰਿੰਸ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਪਿਛਲੇ ਇਕ ਹਫ਼ਤੇ ਤੋਂ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਨਾ ਆਉਣ ਦੀ ਸਮੱਸਿਆ ਪੇਸ਼ ਆ ਰਹੀ ਹੈ ਅਤੇ ਇਸ ਸਮੱਸਿਆ ਨੂੰ ਉਹ ਪਾਵਰਕਾਮ ਦੇ ਧਿਆਨ ਵਿਚ ਲਿਆ ਚੁੱਕੇ ਹਨ ਪਰ ਸਮੱਸਿਆ ਦਾ ਸਥਾਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ, ਸਗੋਂ ਇਹ ਸਮੱਸਿਆ ਦਿਨ-ਪ੍ਰਤੀ ਦਿਨ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਲੋਕਾਂ ਨੂੰ ਰੋਜ਼ਾਨਾ ਘਰੇਲੂ ਕੰਮ ਕਰਨ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਹੀ ਦੁਕਾਨਦਾਰਾਂ ਦਾ ਵੀ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਕੱਟਾਂ ਕਾਰਨ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ ਅਤੇ ਪਿੰਡ ਦੇ ਲੋਕਾਂ ਨੂੰ ਕਈ-ਕਈ ਦਿਨਾਂ ਤੋਂ ਭਰੇ ਹੋਏ ਪਾਣੀ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ ਤੇ ਦੂਰ-ਦੁਰਾਡੇ ਸਥਾਨਾਂ ਤੋਂ ਪਾਣੀ ਭਰ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਗੁਜ਼ਾਰਾ ਚਲਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਛੇਤੀ ਹੀ ਬਿਜਲੀ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਦਾ ਬਿਗੁਲ ਵਜਾਉਂਦੇ ਹੋਏ ਪਾਵਰਕਾਮ ਦਫ਼ਤਰ ਦਾ ਘਿਰਾਓ ਕਰਨ ਨੂੰ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ।