ਨਿਰਵਿਘਨ ਬਿਜਲੀ ਸਪਲਾਈ ਲਈ ਧਰਨੇ ’ਤੇ ਡਟਿਆ ‘ਅੰਨਦਾਤਾ’

Tuesday, Jun 12, 2018 - 05:30 AM (IST)

ਨਿਰਵਿਘਨ ਬਿਜਲੀ ਸਪਲਾਈ ਲਈ ਧਰਨੇ ’ਤੇ ਡਟਿਆ ‘ਅੰਨਦਾਤਾ’

ਸੰਗਰੂਰ,   (ਬੇਦੀ)–  ਝੋਨੇ ਦੀ ਲਵਾਈ ਲਈ  ਨਿਰਵਿਘਨ ਬਿਜਲੀ ਸਪਲਾਈ ਦੀ ਮੰਗ  ਕਰਦਿਅਾਂ  ਜ਼ਿਲੇ ਭਰ  ਦੇ ਕਿਸਾਨਾਂ ਨੇ ਵੱਖ-ਵੱਖ ਥਾਈਂ ਪਾਵਰਕਾਮ ਦੇ ਅਧਿਕਾਰੀਅਾਂ ਦੇ  ਦਫਤਰਾਂ ਅੱਗੇ ਧਰਨੇ-ਪ੍ਰਦਰਸ਼ਨ ਕੀਤੇ।  ਇਸੇ ਕੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ  ਉਗਰਾਹਾਂ ਸੰਗਰੂਰ ਬਲਾਕ ਦੇ ਕਿਸਾਨਾਂ  ਨੇ  12  ਘੰਟੇ  ਨਿਰਵਿਘਨ  ਬਿਜਲੀ  ਸਪਲਾਈ  ਦੀ  ਮੰਗ ਦੇ ਹੱਕ ’ਚ ਵਧੀਕ ਨਿਗਰਾਨ ਇੰਜੀਨੀਅਰ ਸੰਗਰੂਰ ਦੇ ਦਫਤਰ ਅੱਗੇ ਧਰਨਾ ਦਿੱਤਾ। ਧਰਨੇ  ਦੀ ਅਗਵਾਈ ਗੁਰਬਿੰਦਰ ਸਿੰਘ ਬਲਾਕ ਪ੍ਰਧਾਨ ਮੰਗਵਾਲ ਨੇ ਕੀਤੀ। ਆਗੂਆਂ ਨੇ ਕਿਹਾ ਕਿ  ਸਰਕਾਰ ਆਖ ਰਹੀ ਹੈ ਕਿ ਝੋਨੇ ਦੀ ਲਵਾਈ 20 ਜੂਨ ਤੋਂ  ਬਾਅਦ ਕੀਤੀ  ਜਾਵੇ ਪਰ  ਝੋਨੇ  ਦੀ   ਲਵਾਈ  ਲੇਟ  ਹੋਣ  ਕਾਰਨ ਪੱਕਣ ਵੇਲੇ ਇਸ ਵਿਚ ਨਮੀ ਰਹਿ ਜਾਵੇਗੀ, ਜਿਸ ਕਾਰਨ ਝੋਨੇ  ਨੂੰ ਵੇਚਣ ਮੌਕੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪਵੇਗਾ  ਕਿਉਂਕਿ ਕਿਸੇ ਵੀ ਖਰੀਦ  ਏਜੰਸੀ ਨੇ ਵੱਧ ਨਮੀ ਵਾਲਾ ਝੋਨਾ ਨਹੀਂ ਖਰੀਦਣਾ।
ਉਨ੍ਹਾਂ  ਮੰਗ  ਕੀਤੀ  ਕਿ  ਝੋਨੇ   ਲਈ ਬੀਜਾਈ  ਲਈ   ਉਨ੍ਹਾਂ  ਨੂੰ  12 ਘੰਟੇ ਨਿਰਵਿਘਨ  ਬਿਜਲੀ ਦਿੱਤੀ ਜਾਵੇ ਤਾਂ ਜੋ ਉਹ  ਝੋਨਾ ਸਹੀ ਟਾਈਮ ’ਤੇ ਲਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਲੌਂਗੋਵਾਲ,  ਸਰੂਪ ਚੰਦ, ਨਛੱਤਰ ਬਰਡੁੱਖਾਂ, ਕਰਮਜੀਤ ਸਿੰਘ, ਹਰਦੇਵ ਸਿੰਘ, ਲੱਖੀ ਸਿੰਘ, ਸੁਖਮਿੰਦਰ  ਸਿੰਘ, ਮੇਹਰ ਖੇਡ਼ੀ, ਗੁਰਦੀਪ ਕਮੋਮਾਜਰਾ, ਨਛੱਤਰ ਸਿੰਘ ਮੰਡੇਰ ਕਲਾਂ ਆਦਿ ਨੇ ਵੀ  ਸੰਬੋਧਨ ਕੀਤਾ। 
ਧੂਰੀ,  (ਸ਼ਰਮਾ)–ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਨੇ ਬਲਾਕ ਪ੍ਰਧਾਨ  ਸ਼ਿਆਮ ਦਾਸ ਕਾਂਝਲੀ ਦੀ ਅਗਵਾਈ ’ਚ ਖੇਤੀ ਮੋਟਰਾਂ ਲਈ 16 ਘੰਟੇ ਨਿਰਵਿਘਨ ਬਿਜਲੀ ਦੀ ਮੰਗ  ਕਰਦਿਅਾਂ ਐਕਸੀਅਨ ਦਫ਼ਤਰ ਧੂਰੀ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।  ਆਗੂਅਾਂ  ਨੇ  ਕਿਹਾ  ਕਿ ਜੇਕਰ ਬਿਜਲੀ ਸਪਲਾਈ 16 ਘੰਟੇ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ  ਹੋਰ ਤੇਜ਼ ਕੀਤਾ ਜਾਵੇਗਾ  ਅਤੇ ਕਿਸੇ ਵੀ ਕਿਸਾਨ ਦਾ ਝੋਨਾ ਨਹੀਂ ਵਾਹੁਣ ਦਿੱਤਾ ਜਾਵੇਗਾ।   
ਇਸ ਮੌਕੇ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ, ਜ਼ਿਲਾ ਵਿੱਤ ਸਕੱਤਰ ਕ੍ਰਿਪਾਲ ਸਿੰਘ,  ਧੂਰੀ ਬਲਾਕ ਖਜ਼ਾਨਚੀ ਬਲਵਿੰਦਰ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ, ਸੁਖਜਿੰਦਰ ਸਿੰਘ  ਕਾਂਝਲੀ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਸੁਖਪਾਲ  ਮਾਣਕ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਭਵਾਨੀਗਡ਼੍ਹ,  (ਵਿਕਾਸ)–  ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ  ਭਵਾਨੀਗਡ਼੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਪਾਵਰਕਾਮ ਦੇ ਸਬ-ਡਵੀਜ਼ਨ  ਦਫਤਰ ਵਿਖੇ ਵੀ ਅਣਮਿੱਥੇ ਸਮੇਂ ਲਈ  ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਜਗਤਾਰ  ਸਿੰਘ ਕਾਲਾਝਾਡ਼ ਅਤੇ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ   ਵਾਅਦਿਆਂ ਤੋਂ ਕਾਂਗਰਸ ਸਰਕਾਰ  ਸ਼ਰੇਆਮ  ਮੁੱਕਰ ਚੁੱਕੀ ਹੈ ਅਤੇ ਹੁਣ ਕਿਸਾਨ-ਮਜ਼ਦੂਰ  ਵਿਰੋਧੀ ਫੈਸਲੇ ਲੈ ਕੇ ਇਸ ਵਰਗ ਨੂੰ ਆਰਥਕ ਮੰਦਹਾਲੀ ਵੱਲ ਧੱਕ ਰਹੀ ਹੈ।  ਧਰਨੇ ਦੌਰਾਨ ਨਿਰਭੈ ਸਿੰਘ, ਜਿੰਦਰ  ਸਿੰਘ, ਰਘਵੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਹਰਪਾਲ ਸਿੰਘ, ਅਮਰ ਸਿੰਘ,  ਅੰਗਰੇਜ਼ ਸਿੰਘ, ਜਸਪਾਲ ਸਿੰਘ, ਜੱਸੀ ਨਾਗਰਾ, ਲਾਭ ਸਿੰਘ, ਹਰਮੇਲ ਸਿੰਘ, ਭਜਨ ਸਿੰਘ  ਆਦਿ ਨੇ ਵੀ ਸੰਬੋਧਨ ਕੀਤਾ।
ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ, ਬਾਂਸਲ)–ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ  ਬਲਾਕ ਸੁਨਾਮ ਨੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਐਕਸੀਅਨ ਦਫਤਰ  ਵਿਖੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ।  ਇਸ  ਮੌਕੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ  ਦਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦਿਨ-ਰਾਤ ਖੁਦਕੁਸ਼ੀਆਂ ਕਰ ਰਿਹਾ ਹੈ। ਦੁਖੀ  ਕਿਸਾਨਾਂ ਦੀ ਸਰਕਾਰ ਨੇ ਬਾਂਹ ਤਾਂ ਕੀ ਫਡ਼ਨੀ ਸੀ ਸਗੋਂ ਝੋਨੇ ਦੀ ਲਵਾਈ ਦੀ ਆਡ਼ ਹੇਠ  ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਜੇਕਰ ਕਿਸਾਨ 20 ਜੂਨ ਨੂੰ ਝੋਨਾ ਲਾਉਂਦੇ ਹਨ  ਤਾਂ ਉਨ੍ਹਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਝੋਨੇ  ਦੀ ਲਵਾਈ  ਲਈ ਪਾਵਰਕਾਮ ਨਿਰਵਿਘਨ 16 ਘੰਟੇ ਬਿਜਲੀ ਸਪਲਾਈ ਚਾਲੂ ਕਰੇ।  ਅੱਜ ਦੇ ਧਰਨੇ ਵਿਚ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ  ਸਿੰਘ ਛਜਲਾ, ਅਜੈਬ ਜਖੇਪਲ, ਰਾਮਸ਼ਰਨ ਉਗਰਾਹਾਂ, ਸੁਖਪਾਲ ਮਾਣਕ, ਪਾਲ ਦੋਲੇਵਾਲਾ,  ਗੋਬਿੰਦ ਚੱਠੇ, ਰਾਮ ਪਾਲ ਸੁਨਾਮ, ਮਹਿੰਦਰ, ਗੁਰਭਗਤ ਸ਼ਾਹਪੁਰ ਆਦਿ ਹਾਜ਼ਰ ਸਨ।
 


Related News