ਪਾਵਰਕਾਮ ਪੈਨਸ਼ਨਰਾਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ

Tuesday, Jun 13, 2017 - 07:24 AM (IST)

ਪਾਵਰਕਾਮ ਪੈਨਸ਼ਨਰਾਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ

ਹੁਸ਼ਿਆਰਪੁਰ, (ਘੁੰਮਣ)- ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਸਬ-ਅਰਬਨ ਮੰਡਲ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਪ੍ਰੇਮ ਸੁੱਖ ਦੀ ਅਗਵਾਈ 'ਚ ਇਕ ਵਿਸ਼ਾਲ ਰੋਸ ਰੈਲੀ ਮੰਡਲ ਦਫ਼ਤਰ ਵਿਖੇ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੇ ਬਣਦੇ ਹੱਕ ਜਲਦ ਦਿੱਤੇ ਜਾਣ। ਇਸ ਮੌਕੇ ਮੰਗਾਂ ਨੂੰ ਲੈ ਕੇ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। 
ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਰੈਗੂਲਰ ਕਰਮਚਾਰੀਆਂ ਦੀ ਤਰ੍ਹਾਂ ਬਿਜਲੀ ਬਿੱਲਾਂ 'ਚ ਰਿਆਇਤ ਦਿੱਤੀ ਜਾਵੇ, ਮੈਡੀਕਲ ਭੱਤਾ 500 ਰੁਪਏ ਦੀ ਬਜਾਏ 2000 ਰੁਪਏ ਕੀਤਾ ਜਾਵੇ, ਕੈਸ਼ਲੈੱਸ ਸਕੀਮ, ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ, ਨੂੰ ਮੁੜ ਚਾਲੂ ਕੀਤਾ ਜਾਵੇ, ਪੈਨਸ਼ਨਰਾਂ ਨੂੰ ਪਹਿਲ ਦੇ ਆਧਾਰ 'ਤੇ ਕਿਸੇ ਵੀ ਸ਼੍ਰੇਣੀ ਵਿਚ ਇਕ ਕੁਨੈਕਸ਼ਨ ਦਿੱਤਾ ਜਾਵੇ, ਤਨਖ਼ਾਹ ਕਮਿਸ਼ਨ ਨਾਲ ਹੋਣ ਵਾਲੀ ਮੀਟਿੰਗ 'ਚ ਪੈਨਸ਼ਨਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਤਾਂ ਜੋ ਪੁਰਾਣੇ ਪੈਨਸ਼ਨਰਾਂ ਦੀ ਬੇਸਿਕ ਪੈਨਸ਼ਨ ਨੈਸ਼ਨਲ ਆਧਾਰ 'ਤੇ ਫਿਕਸ ਕਰਵਾਈ ਜਾ ਸਕੇ। ਇਸ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਪ੍ਰਧਾਨ ਇੰਜੀ. ਡੀ. ਕੇ. ਮਹਿਤਾ ਨੇ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਕੀਤੀ ਜਾ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿਚ ਆਉਣ ਵਾਲੇ ਸੰਘਰਸ਼ਾਂ ਲਈ ਪ੍ਰੇਰਿਤ ਕੀਤਾ ਤੇ ਪੈਨਸ਼ਨਰਾਂ ਦੇ ਇਕਮੁੱਠ ਹੋਣ 'ਤੇ ਜ਼ੋਰ ਦਿੱਤਾ। ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਗੁਰਬਚਨ ਬੰਗੜ, ਰਤਨ ਲਾਲ, ਸਵਰਨ ਸਿੰਘ, ਤਰਸੇਮ ਲਾਲ, ਨਿਰਮਲ ਪਤਿਆਲ, ਪਰਮਿੰਦਰ ਸਿੰਘ, ਤਰਲੋਚਨ ਸਿੰਘ, ਆਰ. ਬੀ. ਮਲਹੋਤਰਾ, ਨਰਿੰਦਰ ਕੁਮਾਰ, ਮਲਕੀਤ ਸਿੰਘ, ਤਰਸੇਮ ਲਾਲ ਆਦਿ ਨੇ ਵੀ ਸੰਬੋਧਨ ਕੀਤਾ।


Related News